ਲੁਧਿਆਣਾ : ਲੁਧਿਆਣਾ ਦੇ ਫੀਲਡਗੰਜ ਨੇੜੇ ਪ੍ਰੇਮ ਨਗਰ ਵਿਖੇ ਗੁਰਦੁਆਰਾ ਸਾਹਿਬ ਤੋਂ ਮੱਥਾ ਟੇਕ ਕੇ ਘਰ ਵਾਪਸ ਆ ਰਹੇ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਸੂਰਜ ਦੇ ਰੂਪ ਵਿਚ ਹੋਈ ਹੈ। ਉੱਥੇ ਹੀ ਸੂਚਨਾ ਮਿਲਣ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸੂਰਜ ਸਵੇਰੇ ਗੁਰਦੁਆਰਾ ਸਾਹਿਬ ਮੱਥਾ ਟੇਕਣ ਲਈ ਗਿਆ ਸੀ ਅਤੇ ਜਦੋਂ ਉਹ ਗੁਰਦੁਆਰਾ ਸਾਹਿਬ ਤੋਂ ਮੱਥਾ ਟੇਕ ਕੇ ਆ ਰਿਹਾ ਸੀ ਤਾਂ ਉਸ ਦਾ ਕਤਲ ਕਰ ਦਿੱਤਾ ਗਿਆ। ਉਨ੍ਹਾਂ ਨੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਉਨ੍ਹਾਂ ਦੇ ਮਾਸੀ ਦਾ ਮੁੰਡਾ ਸ਼ੀਸ਼ਾ, ਮੰਨੂ, ਤੋਤਾ ਅਤੇ ਸ਼ੀਸ਼ੇ ਦੀ ਪਤਨੀ ਸੂਰਜ ਕੋਲੋਂ ਧੱਕੇ ਨਾਲ ਦਾਰੂ ਵਿਕਵਾਉਂਦੇ ਸਨ ਅਤੇ ਜਦੋਂ ਸੂਰਜ ਦਾਰੂ ਨਹੀਂ ਵੇਚਦਾ ਸੀ ਤਾਂ ਉਸ ਨਾਲ ਕੁੱਟਮਾਰ ਵੀ ਕਰਦੇ ਸਨ। ਅੱਜ ਸਵੇਰੇ ਜਦੋਂ ਉਹ ਗੁਰਦੁਆਰਾ ਸਾਹਿਬ ਤੋਂ ਪਰਤਿਆ ਤਾਂ ਉਸਦੇ ਮੂੰਹ ਵਿਚੋਂ ਖ਼ੂਨ ਨਿਕਲ ਰਿਹਾ ਸੀ ਤੇ ਉਹ ਦਰਦ ਨਾਲ ਤੜਫ਼ ਰਿਹਾ ਸੀ। ਉਸ ਨੇ ਦੱਸਿਆ ਕਿ ਉਸ ਦੇ ਰਿਸ਼ਤੇਦਾਰਾਂ ਨੇ ਹੀ ਉਸ ਨੂੰ ਰਾਹ ਵਿਚ ਰੋਕ ਕੇ ਕਿਸੇ ਹਥਿਆਰ ਨਾਲ ਵਾਰ ਕੀਤਾ ਤੇ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਹੈ। ਉਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ।