ਤਰਨਤਾਰਨ – ਕੇਂਦਰੀ ਜੇਲ੍ਹ ਸ੍ਰੀ ਗੋਇੰਦਵਾਲ ਸਾਹਿਬ ਅੰਦਰੋਂ ਆਏ ਦਿਨ ਨਸ਼ੀਲੇ ਪਦਾਰਥ, ਮੋਬਾਈਲ ਫੋਨ ਅਤੇ ਹੋਰ ਸਾਮਾਨ ਬਰਾਮਦ ਹੋਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ, ਜੋ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਇਸ ਦੀ ਇਕ ਹੋਰ ਤਾਜ਼ਾ ਮਿਸਾਲ ਉਸ ਵੇਲੇ ਵੇਖਣ ਨੂੰ ਮਿਲੀ ਜਦੋਂ ਜੇਲ ਪ੍ਰਸ਼ਾਸਨ ਵੱਲੋਂ ਤਲਾਸ਼ੀ ਅਭਿਆਨ ਦੌਰਾਨ 14 ਮੋਬਾਈਲ, ਸਿਮ, 5 ਡਾਟਾ ਕੇਬਲ, 2 ਹੈੱਡਫੋਨ, 2 ਈਅਰ ਪੌਡ, 22 ਪੁਡ਼ੀਆਂ ਤੰਬਾਕੂ ਅਤੇ 2 ਬੰਡਲ ਬੀੜੀਆਂ ਬਰਾਮਦ ਕੀਤੇ ਗਏ ਹਨ। ਇਸ ਸਬੰਧੀ ਪੁਲਸ ਨੇ 4 ਹਵਾਲਾਤੀਆਂ ਨੂੰ ਨਾਮਜ਼ਦ ਕਰਦੇ ਹੋਏ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪ੍ਰਾਪਤ ਜਾਣਕਾਰੀ ਦੇ ਅਨੁਸਾਰ ਕੇਂਦਰੀ ਜੇਲ੍ਹ ਸ੍ਰੀ ਗੋਇੰਦਵਾਲ ਸਾਹਿਬ ਦੇ ਸਹਾਇਕ ਸੁਪਰਡੈਂਟ ਰਘਬੀਰ ਚੰਦ ਅਤੇ ਗੁਰਦਿਆਲ ਸਿੰਘ ਵੱਲੋਂ ਚਲਾਏ ਗਏ ਵੱਖ-ਵੱਖ ਤਲਾਸ਼ੀ ਅਭਿਆਨਾਂ ਦੌਰਾਨ ਜੇਲ੍ਹ ਵਿਚੋਂ ਵੱਖ-ਵੱਖ ਬੈਰਕਾਂ ਅੰਦਰ ਮੌਜੂਦ 14 ਮੋਬਾਈਲ, ਸਿਮ,5 ਡਾਟਾ ਕੇਬਲ, 2 ਹੈੱਡਫੋਨ, 2 ਈਅਰ ਪੌਡ, 22 ਪੁੜੀਆਂ ਤੰਬਾਕੂ ਅਤੇ 2 ਬੰਡਲ ਬੀੜੀਆਂ ਬਰਾਮਦ ਕੀਤੇ ਗਏ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀ.ਐੱਸ.ਪੀ. ਸ੍ਰੀ ਗੋਇੰਦਵਾਲ ਸਾਹਿਬ ਅਤੁਲ ਸੋਨੀ ਨੇ ਦੱਸਿਆ ਕਿ ਸਹਾਇਕ ਸੁਪਰਡੈਂਟਾਂ ਦੇ ਬਿਆਨਾਂ ਹੇਠ ਹਵਾਲਾਤੀ ਗੁਰਦਿੱਤ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਸਿਚਾਨ, ਬੋਹੜ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਢਾਉਲੇਵਾਲ, ਅਮਨ ਕੁਮਾਰ ਪੁੱਤਰ ਬਨਾਰਸੀ ਵਾਸੀ ਪੱਟੀ, ਜੁਗਰਾਜ ਸਿੰਘ ਪੁੱਤਰ ਕਾਬਲ ਸਿੰਘ ਪਾਸੀ ਮੀਆਂਪੁਰ ਅਤੇ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।