ਜਲੰਧਰ – ਜਲੰਧਰ ਦਿਹਾਤੀ ਪੁਲਸ ਨੇ ਇਕ ਵੱਡੀ ਸਫ਼ਲਤਾ ਹਾਸਲ ਕਰਦੇ ਹੋਏ ਆਦਮਪੁਰ ਵਿੱਚ ਇਕ ਮੋਟਰਸਾਈਕਲ ਸਵਾਰ ਨੂੰ ਲੁੱਟਣ ਵਾਲੇ ਤਿੰਨ ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਪੁਲਸ ਨੇ ਇਨ੍ਹਾਂ ਦੇ ਕਬਜ਼ੇ ‘ਚੋਂ ਇਕ ਚੋਰੀ ਦਾ ਮੋਟਰਸਾਈਕਲ, ਵਾਰਦਾਤ ‘ਚ ਵਰਤੀ ਗਈ ਲੋਹੇ ਦੀ ਛੇਹਣੀ ਅਤੇ ਪੰਜ ਸਮਾਰਟਫੋਨ ਬਰਾਮਦ ਕੀਤੇ ਹਨ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਕਸ਼ਮੀਰੀ ਲਾਲ ਉਰਫ਼ ਗੈਰੀ ਵਾਸੀ ਜਗਰਾਵਾ, ਮਨਜੋਤ ਸਿੰਘ ਉਰਫ਼ ਜੋਤਾ ਵਾਸੀ ਮਨਸੂਰਪੁਰ ਅਤੇ ਰਾਜਵੀਰ ਸਿੰਘ ਉਰਫ਼ ਗਿਆਨੀ ਵਾਸੀ ਨੌਲੀ ਵਜੋਂ ਹੋਈ ਹੈ।
ਸੀਨੀਅਰ ਪੁਲਸ ਕਪਤਾਨ (ਐੱਸ. ਐੱਸ. ਪੀ) ਹਰਕਮਲ ਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਗ੍ਰਿਫ਼ਤਾਰੀਆਂ ਸਟਰੀਟ ਕ੍ਰਾਈਮ ਅਤੇ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਵਿਸ਼ੇਸ਼ ਮੁਹਿੰਮ ਦਾ ਹਿੱਸਾ ਹਨ। ਉਨ੍ਹਾਂ ਜ਼ਿਲ੍ਹਾ ਪੁਲਸ ਦੀ ਜਨਤਕ ਸੁਰੱਖਿਆ ਪ੍ਰਤੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਕਿਹਾ ਕਿ ਅਪਰਾਧੀਆਂ ਵਿਰੁੱਧ ਸਖ਼ਤ ਕਾਰਵਾਈ ਜਾਰੀ ਰਹੇਗੀ। ਪੀੜਤ ਓਮ ਪ੍ਰਕਾਸ਼ ਵਾਸੀ ਆਦਮਪੁਰ ਨੇ 20 ਨਵੰਬਰ ਨੂੰ ਵਾਪਰੀ ਘਟਨਾ ਦੀ ਸੂਚਨਾ ਪੁਲਸ ਨੂੰ ਦਿੱਤੀ ਸੀ। ਉਨ੍ਹਾਂ ਨੇ ਦੱਸਿਆ ਕਿ 16 ਨਵੰਬਰ ਨੂੰ ਉਹ ਆਪਣੇ ਮੋਟਰਸਾਈਕਲ (ਪੀ. ਬੀ 08 ਈ. ਪੀ 1086, ਹੌਂਡਾ ਸੀ. ਡੀ 110) ’ਤੇ ਘਰ ਵਾਪਸ ਆ ਰਿਹਾ ਸੀ ਤਾਂ ਨਹਿਰ ਦੇ ਪੁਲ ਕੋਲ ਤਿੰਨ ਵਿਅਕਤੀਆਂ ਨੇ ਉਸ ਨੂੰ ਰੋਕ ਲਿਆ। ਸ਼ੱਕੀ ਵਿਅਕਤੀਆਂ ਨੇ ਉਸ ਨੂੰ ਲੋਹੇ ਦੀ ਛੇਹਣੀ ਨਾਲ ਧਮਕਾਇਆ, ਉਸ ‘ਤੇ ਹਮਲਾ ਕਰ ਦਿੱਤਾ ਅਤੇ ਮੋਟਰਸਾਈਕਲ ਲੈ ਕੇ ਫ਼ਰਾਰ ਹੋ ਗਏ।
ਸ਼ਿਕਾਇਤ ਤੋਂ ਬਾਅਦ ਥਾਣਾ ਆਦਮਪੁਰ ਵਿਖੇ ਬੀ. ਐੱਨ. ਐੱਸ. ਐਕਟ ਦੀਆਂ ਧਾਰਾਵਾਂ 309 (4) ਅਤੇ 61 (2) ਦੇ ਤਹਿਤ ਐੱਫ਼. ਆਈ. ਆਰ. ਨੰਬਰ 156, ਮਿਤੀ 20 ਨਵੰਬਰ, 2024 ਨੂੰ ਮੁਕੱਦਮਾ ਦਰਜ ਕੀਤਾ ਗਿਆ ਸੀ। ਡੀ. ਐੱਸ. ਪੀ. ਆਦਮਪੁਰ ਕੁਲਵੰਤ ਸਿੰਘ ਅਤੇ ਐੱਸ. ਐੱਚ. ਓ. ਆਦਮਪੁਰ ਰਵਿੰਦਰਪਾਲ ਸਿੰਘ ਦੀ ਅਗਵਾਈ ਵਿੱਚ ਜਾਂਚ ਟੀਮ ਨੇ ਸ਼ੱਕੀ ਵਿਅਕਤੀਆਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ।