ਦੇਸ਼ ‘ਚ ਚੱਲ ਰਹੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਤੋਂ ਕਾਂਗਰਸ ਦੇ ਉਮੀਦਵਾਰ ਚਰਨਜੀਤ ਸਿੰਘ ਚੰਨੀ ਦੀਆਂ ਮੁਸ਼ਕਿਲਾਂ ਵਧ ਸਕਦੀਆਂ ਹਨ। ਕਿਉਂਕਿ ਚੋਣ ਕਮਿਸ਼ਨ ਦੇ ਅਧਿਕਾਰੀ ਨੇ ਪੁੰਛ ਹਮਲੇ ਦੇ ਮਾਮਲੇ ‘ਚ ਦਿੱਤੇ ਬਿਆਨ ਨੂੰ ਲੈ ਕੇ ਚੰਨੀ ਖਿਲਾਫ ਫਾਈਲ ਖੋਲ ਦਿੱਤੀ ਹੈ। ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਮੰਗਲਵਾਰ ਨੂੰ ਚੰਨੀ ‘ਤੇ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਦਾ ਦੋਸ਼ ਲਗਾਇਆ। ਦਰਅਸਲ ਕਾਂਗਰਸ ਨੇਤਾ ਚਰਨਜੀਤ ਸਿੰਘ ਚੰਨੀ ਨੇ ਪੁੰਛ ਅੱਤਵਾਦੀ ਹਮਲੇ ਨੂੰ ਭਾਜਪਾ ਦਾ ਚੋਣ ਸਟੰਟ ਕਿਹਾ ਸੀ, ਜਿਸ ਤੋਂ ਬਾਅਦ ਪੰਜਾਬ ਦੇ ਮੁੱਖ ਚੋਣ ਅਧਿਕਾਰੀ (ਸੀਈਓ) ਨੇ ਭਾਰਤੀ ਚੋਣ ਕਮਿਸ਼ਨ ਨੂੰ ਕਾਰਵਾਈ ਲਈ ਪੱਤਰ ਭੇਜਿਆ ਹੈ।
ਮੁੱਖ ਚੋਣ ਅਧਿਕਾਰੀ ਸਿਬਿਨ ਸੀ ਦਾ ਕਹਿਣਾ ਹੈ ਕਿ ਜਲੰਧਰ ਦੇ ਜ਼ਿਲ੍ਹਾ ਚੋਣ ਅਧਿਕਾਰੀ ਦੀ ਰਿਪੋਰਟ ਅਨੁਸਾਰ ਚੰਨੀ ਦੀਆਂ ਟਿੱਪਣੀਆਂ ਨੇ ਚੋਣ ਜ਼ਾਬਤੇ ਦੀ ਉਲੰਘਣਾ ਕੀਤੀ ਹੈ। ਦੱਸ ਦੇਈਏ ਕਿ 4 ਮਈ ਨੂੰ ਜੰਮੂ-ਕਸ਼ਮੀਰ ਦੇ ਪੁੰਛ ਜ਼ਿਲੇ ‘ਚ ਭਾਰਤੀ ਹਵਾਈ ਫੌਜ ਦੇ ਕਾਫਲੇ ‘ਤੇ ਹਮਲਾ ਹੋਇਆ ਸੀ। ਜਿੱਥੇ ਅੱਤਵਾਦੀਆਂ ਨੇ ਘੇਰਾਬੰਦੀ ਕਰਕੇ ਅੰਨ੍ਹੇਵਾਹ ਗੋਲੀਬਾਰੀ ਕੀਤੀ ਅਤੇ ਇਸ ਹਮਲੇ ‘ਚ ਇਕ ਜਵਾਨ ਸ਼ਹੀਦ ਹੋ ਗਿਆ ਅਤੇ ਚਾਰ ਹੋਰ ਜ਼ਖਮੀ ਹੋ ਗਏ।
ਹਮਲੇ ਸਬੰਧੀ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਚੰਨੀ ਨੇ ਇਸ ਨੂੰ ਭਾਜਪਾ ਦਾ ਸਟੰਟ ਕਰਾਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ਇਹ ਭਾਜਪਾ ਦਾ ਸਟੰਟ ਹੈ। ਜਦੋਂ ਵੀ ਚੋਣਾਂ ਨੇੜੇ ਆਉਂਦੀਆਂ ਹਨ ਤਾਂ ਅਜਿਹੇ ਸਟੰਟ ਕੀਤੇ ਜਾਂਦੇ ਹਨ। ਇਹ ਪਹਿਲਾਂ ਹੀ ਘੜਿਆ ਗਿਆ ਯੋਜਨਾ-ਬੱਧ ਸਟੰਟ ਹੈ। ਲੋਕਾਂ ਦੀਆਂ ਜਾਨਾਂ ਲੈਣਾ ਅਤੇ ਉਨ੍ਹਾਂ ਦੀਆਂ ਲਾਸ਼ਾਂ ’ਤੇ ਖੇਡਣਾ ਭਾਜਪਾ ਦਾ ਕੰਮ ਹੈ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਦੀ ਇਸ ਵਿਵਾਦਤ ਟਿੱਪਣੀ ਕਾਰਨ ਕਈ ਸਿਆਸੀ ਆਗੂਆਂ ਨੇ ਕਾਰਵਾਈ ਦੀ ਮੰਗ ਕੀਤੀ ਹੈ। ਹਾਲਾਂਕਿ ਬਾਅਦ ‘ਚ ਚੰਨੀ ਨੇ ਕਿਹਾ ਕਿ ਉਨ੍ਹਾਂ ਨੂੰ ਦੇਸ਼ ਦੇ ਜਵਾਨਾਂ ‘ਤੇ ਮਾਣ ਹੈ ਪਰ 2019 ਦੇ ਪੁਲਵਾਮਾ ਅੱਤਵਾਦੀ ਹਮਲੇ ਦੇ ਸਬੰਧ ‘ਚ ਕੇਂਦਰ ਸਰਕਾਰ ਅਜੇ ਤੱਕ ਇਹ ਪਤਾ ਨਹੀਂ ਲਗਾ ਸਕੀ ਹੈ ਕਿ ਇਹ ਹਮਲਾ ਕਿਸ ਨੇ ਕੀਤਾ ਸੀ।