ਚੰਡੀਗੜ੍ਹ- ਚਾਰ ਵਿਧਾਨ ਸਭਾ ਹਲਕਿਆਂ ਦੀਆਂ ਜ਼ਿਮਨੀ ਚੋਣਾਂ ਤੋਂ ਤੁਰੰਤ ਬਾਅਦ ਸਾਰੀਆਂ ਸਿਆਸੀ ਪਾਰਟੀਆਂ ਨੇ ਨਗਰ ਨਿਗਮ ਅਤੇ ਨਗਰ ਕੌਂਸਲ ਚੋਣਾਂ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। 23 ਨਵੰਬਰ ਨੂੰ ਜ਼ਿਮਨੀ ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ ਪੰਜਾਬ ਦੇ ਸੀਨੀਅਰ ਨੇਤਾਵਾਂ ਦੀ ਪੰਜਾਬ ਇੰਚਾਰਜ ਦਵਿੰਦਰ ਯਾਦਵ ਨਾਲ ਅਹਿਮ ਬੈਠਕ ਹੋਵੇਗੀ। ਇਸ ਬੈਠਕ ਦੌਰਾਨ ਨਗਰ ਨਿਗਮ ਅਤੇ ਨਗਰ ਕੌਂਸਲ ਚੋਣਾਂ ਸਬੰਧੀ ਰਣਨੀਤੀ ਤਿਆਰ ਕੀਤੀ ਜਾਵੇਗੀ। ਔਰਤਾਂ ਨੂੰ ਨਿਗਮ ਤੇ ਕੌਂਸਲ ਚੋਣਾਂ ’ਚ ਕਾਂਗਰਸ ਨੇ ਹਮੇਸ਼ਾ ਜ਼ਿਆਦਾ ਤਵੱਜੋ ਦਿੱਤੀ ਹੈ, ਇਸ ਲਈ ਇਸ ਵਾਰ ਵੀ ਚੋਣਾਂ ’ਚ ਉਨ੍ਹਾਂ ਦੀ ਅਹਿਮ ਹਿੱਸੇਦਾਰੀ ਰਹੇਗੀ। ਪਾਰਟੀ ਦੇ ਆਗੂਆਂ ਨੇ ਪਹਿਲਾਂ ਹੀ ਤੈਅ ਕਰ ਦਿੱਤਾ ਹੈ ਕਿ ਨਿਗਮ ਅਤੇ ਕੌਂਸਲ ਚੋਣਾਂ ’ਚ ਕਾਂਗਰਸ ਦਾ ਮੁੱਦਾ ਵਿਕਾਸ ਹੀ ਰਹੇਗਾ।
ਪਿਛਲੇ ਢਾਈ ਸਾਲਾਂ ’ਚ ਹੋਏ ਵਿਕਾਸ ਦਾ ਮੁਲਾਂਕਣ ਕਾਂਗਰਸ ਆਪਣੇ ਬੀਤੇ ਸਮੇਂ ਨਾਲ ਕਰਕੇ ਲੋਕਾਂ ਨੂੰ ਇਸ ਗੱਲ ਦੀ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰੇਗੀ ਕਿ ਵਿਕਾਸ ਕਾਂਗਰਸ ਦੇ ਸਮੇਂ ਦੌਰਾਨ ਹੀ ਹੋ ਸਕਦਾ ਹੈ। ਕਾਂਗਰਸ ਆਪਣੇ ਸਮੇਂ ਦੌਰਾਨ ਨਿਗਮਾਂ ਅਤੇ ਕੌਂਸਲਾਂ ਦੇ ਅਧਿਕਾਰ ਖੇਤਰਾਂ ’ਚ ਹੋਏ ਵਿਕਾਸ ਕਾਰਜਾਂ ਦੀਆਂ ਸੂਚੀਆਂ ਤਿਆਰ ਕਰੇਗੀ ਅਤੇ ਚੋਣ ਪ੍ਰਚਾਰ ਦੌਰਾਨ ਕਾਂਗਰਸੀ ਆਗੂ ਆਪਣੇ ਸਮੇਂ ਹੋਏ ਵਿਕਾਸ ਦਾ ਸਿਆਸੀ ਲਾਹਾ ਲੈਣ ਦੀ ਪੂਰੀ ਕੋਸ਼ਿਸ਼ ਕਰਨਗੇ।