ਨੈਸ਼ਨਲ- ਅੱਗ ਨਾਲ ਝੁਲਸ ਕੇ ਇਕ ਹੀ ਪਰਿਵਾਰ ਦੇ ਤਿੰਨ ਜੀਅ ਜਿਊਂਦੇ ਸੜ ਗਏ ਅਤੇ ਇਕ ਹੋਰ ਝੁਲਸ ਗਿਆ। ਬਿਹਾਰ ‘ਚ ਭਾਗਲਪੁਰ ਜ਼ਿਲ੍ਹੇ ਦੇ ਪੀਰਪੈਂਤੀ ਦੇ ਪੁਲਸ ਅਹੁਦਾ ਅਧਿਕਾਰੀ ਅਰਜੁਨ ਗੁਪਤਾ ਨੇ ਸ਼ੁੱਕਰਵਾਰ ਨੂੰ ਇੱਥੇ ਦੱਸਿਆ ਕਿ ਅਠਨੀਆ ਦਿਆਰਾ ਪਿੰਡ ਵਾਸੀ ਗੌਤਮ ਯਾਦਵ ਦੇ ਘਰ ‘ਚ ਵੀਰਵਾਰ ਦੇਰ ਰਾਤ ਅਚਾਨਕ ਅੱਗ ਲੱਗੀ। ਇਸ ਘਟਨਾ ‘ਚ ਗੌਤਮ ਯਾਦਵ ਦੀ ਪਤਨੀ ਵਰਸ਼ਾ ਦੇਵੀ (30), ਪੁੱਤਰ ਪ੍ਰਤਿਊਸ਼ ਕੁਮਾਰ (7) ਅਤੇ ਧੀ ਜੋਤੀ ਕੁਮਾਰੀ (4) ਦੀ ਮੌਤ ਹੋ ਗਈ, ਜਦੋਂ ਕਿ ਗੌਤਮ ਯਾਦਵ ਗੰਭੀਰ ਰੂਪ ਨਾਲ ਝੁਲਸ ਗਿਆ।
ਘਟਨਾ ਦੀ ਜਾਣਕਾਰੀ ਮਿਲਣ ‘ਤੇ ਫਾਇਰ ਬ੍ਰਿਗੇਡ ਵਿਭਾਗ ਦੀ ਟੀਮ ਨੇ ਮੌਕੇ ‘ਤੇ ਪਹੁੰਚ ਕੇ ਅੱਗ ਨੂੰ ਬੁਝਾਇਆ। ਉਨ੍ਹਾਂ ਦੱਸਿਆ ਕਿ ਇਸ ਘਟਨਾ ‘ਚ ਝੁਲਸੇ ਗੌਤਮ ਯਾਦਵ ਨੂੰ ਪੀਰਪੈਂਤੀ ਦੇ ਰੈਫਰਲ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ। ਸ਼ੁਰੂਆਤੀ ਇਲਾਜ ਤੋਂ ਬਾਅਦ ਉਸ ਨੂੰ ਬਿਹਤਰ ਇਲਾਜ ਲਈ ਭਾਗਲਪੁਰ ਦੇ ਜਵਾਹਰਲਾਲ ਨਹਿਰੂ ਮੈਡੀਕਲ ਕਾਲਜ ਹਸਪਤਾਲ ‘ਚ ਭੇਜਿਆ ਗਿਆ ਹੈ। ਅੱਗ ਲੱਗਣ ਦਾ ਕਾਰਨ ਘਰ ‘ਚ ਜਗਾਈ ਗਈ ਮੋਮਬੱਤੀ ਦੇ ਕੋਲ ਰੱਖੇ ਡੀਜਲ ਦੇ ਡੱਬੇ ‘ਤੇ ਡਿੱਗਣਾ ਦੱਸਿਆ ਗਿਆ ਹੈ। ਇਸ ਸਿਲਸਿਲੇ ‘ਚ ਪੁਲਸ ਨੇ ਇਕ ਐੱਫ.ਆਈ.ਆਰ. ਦਰਜ ਕਰਨ ਤੋਂ ਬਾਅਦ ਲਾਸ਼ਾਂ ਨੂੰ ਪੋਸਟਮਾਰਟਮ ਲਈ ਭਾਗਲਪੁਰ ਭੇਜ ਦਿੱਤਾ ਹੈ।