ਅੰਮ੍ਰਿਤਸਰ -ਸਿਹਤ ਵਿਭਾਗ ਦਾ ਡਰੱਗ ਵਿੰਗ ਨਿਯਮਾਂ ਤੋਂ ਉਲਟ ਕੰਮ ਕਰਨ ਵਾਲੇ ਮੈਡੀਕਲ ਸਟੋਰਾਂ ਖ਼ਿਲਾਫ਼ ਸਖ਼ਤ ਕਾਰਵਾਈ ਨੂੰ ਅੰਜਾਮ ਦੇ ਰਿਹਾ ਹੈ। ਜ਼ੋਨਲ ਲਾਇਸੈਂਸ ਅਥਾਰਟੀ ਕੁਲਵਿੰਦਰ ਸਿੰਘ ਦੀ ਅਗਵਾਈ ਵਾਲੀਆਂ ਟੀਮਾਂ ਵੱਲੋਂ ਕੀਤੀ ਜਾਂਚ ਦੌਰਾਨ ਭਾਰੀ ਉਣਤਾਈਆਂ ਪਾਏ ਜਾਣ ’ਤੇ ਜ਼ਿਲ੍ਹੇ ਦੇ ਇਕ ਮੈਡੀਕਲ ਸਟੋਰ ਦਾ ਲਾਇਸੈਂਸ ਰੱਦ ਅਤੇ 2 ਮੈਡੀਕਲ ਸਟੋਰਾਂ ਦੇ ਲਾਇਸੈਂਸ ਮੁਅੱਤਲ ਕੀਤੇ ਗਏ ਹਨ।
ਜ਼ੋਨਲ ਲਾਇਸੈਂਸ ਅਥਾਰਟੀ ਨੇ ਸਪੱਸ਼ਟ ਕੀਤਾ ਹੈ ਕਿ ਡਰੱਗ ਐਂਡ ਕਾਸਟਮੈਟਿਕ ਐਕਟ ਦੀ ਉਲੰਘਣਾ ਕਿਸੇ ਵੀ ਹਾਲਤ ਵਿਚ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਪਾਬੰਦੀਸ਼ੁਦਾ ਦਵਾਈਆਂ ਵੇਚਣ ਵਾਲਿਆਂ ਖਿਲਾਫ਼ ਸਖ਼ਤੀ ਨਾਲ ਕਾਰਵਾਈ ਕੀਤੀ ਜਾਵੇਗੀ। ਜ਼ੋਨਲ ਲਾਇਸੈਂਸ ਅਥਾਰਟੀ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਫੂਡ ਅਤੇ ਡਰੱਗਜ਼ ਦੇ ਕਮਿਸ਼ਨਰ ਪੰਜਾਬ ਆਈ. ਏ. ਐੱਸ. ਅਭਿਨਵ ਤ੍ਰਿਖਾ ਦੀ ਅਗਵਾਈ ਵਿਚ ਜ਼ਿਲ੍ਹੇ ਅੰਦਰ ਡਰੱਗ ਐਂਡ ਕਾਸਟਮੈਟਿਕ ਐਕਟ ਨੂੰ ਹੇਠਲੇ ਪੱਧਰ ਤੱਕ ਲਾਗੂ ਕਰਵਾਉਣ ਲਈ ਮੁਸਤੈਦੀ ਨਾਲ ਕੰਮ ਕੀਤਾ ਜਾ ਰਿਹਾ।
ਉਨ੍ਹਾਂ ਦੱਸਿਆ ਕਿ ਬੱਬੂ ਮੈਡੀਕਲ ਬਾਬਾ ਬਕਾਲਾ ਦਾ ਲਾਇਸੈਂਸ ਰੱਦ ਕੀਤਾ ਗਿਆ ਹੈ, ਜਦਕਿ ਨਿਰਮਲ ਫਾਰਮੇਸੀ ਸੁਲਤਾਨਵਿਡ ਰੋਡ ਅਤੇ ਭੁੱਲਰ ਮੈਡੀਕਲ ਸਟੋਰ ਬਾਬਾ ਬਕਾਲਾ ਦਾ ਲਾਇਸੈਂਸ ਮੁਅੱਤਲ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਬੱਬੂ ਮੈਡੀਕੋਜ਼, ਬਾਬਾ ਬਕਾਲਾ ਦੀ ਬੀਤੀ 23 ਸਤੰਬਰ ਨੂੰ ਜਾਂਚ ਕੀਤੀ ਗਈ ਅਤੇ ਇੰਚਾਰਜ ਇਨ੍ਹਾਂ ਦਵਾਈਆਂ ਦੀ ਖਰੀਦ ਰਿਕਾਰਡ ਪੇਸ਼ ਕਰਨ ਵਿਚ ਅਸਫ਼ਲ ਰਹਿਣ ਕਾਰਨ ਲਾਇਸੈਂਸ ਰੱਦ ਕਰ ਦਿੱਤਾ ਗਿਆ।