ਦੇਸ਼ ’ਚ ਲੋਕ ਸਭਾ ਚੋਣਾਂ ਦੇ ਚੱਲਦੇ ਉਮੀਦਵਾਰਾਂ ਦੀ ਨਾਮਜ਼ਦਗੀ ਪੱਤਰ ਦਾਖ਼ਲ ਕਰਨੇ ਜਾਰੀ ਹਨ। ਇਸੇ ਤਰ੍ਹਾਂ ਫਰੀਦਕੋਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਤੇ ਅਦਾਕਾਰ ਕਰਮਜੀਤ ਅਨਮੋਲ ਨੇ ਨਾਮਜ਼ਦਗੀ ਦੇ ਆਖਰੀ ਦਿਨ ਆਪਣਾ ਨਾਮਜਦਗੀ ਪੱਤਰ ਦਾਖ਼ਲ ਕੀਤਾ। ਨਾਮਜ਼ਦਗੀ ਤੋਂ ਪਹਿਲਾਂ ਕਰਮਜੀਤ ਅਨਮੋਲ ਵੱਲੋਂ ਇੱਕ ਰੋਡ ਸ਼ੋਅ ਕੱਢਿਆ ਗਿਆ। ਜੋ ਕੋਟਕਪੂਰਾ ਤੋਂ ਸ਼ੁਰੂ ਹੋ ਕੇ ਫਰੀਦਕੋਟ ਚ ਜਾ ਨਿਬੜਿਆ। ਇਸ ਦੌਰਾਨ ਕਰਮਜੀਤ ਅਨਮੋਲ ਦੇ ਰੋਡ ਸ਼ੋਅ ਚ ਅਦਾਕਾਰ ਅਦਾਕਾਰ ਗਿੱਪੀ ਗਰੇਵਾਲ, ਬੀਨੂੰ ਢਿੱਲੋਂ, ਮਲਕੀਤ ਰੌਣੀ ਦੇ ਨਾਲ-ਨਾਲ 9 ਹਲਕਿਆਂ ਦੇ ਐੱਮ.ਐੱਲ.ਏ. ਵੀ ਸ਼ਾਮਲ ਰਹੇ।
ਨਾਮਜ਼ਦਗੀ ਭਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਰਮਜੀਤ ਅਨਮੋਲ ਨੇ ਕਿਹਾ ਕਿ ਮੈਨੂੰ ਲੋਕਾਂ ਦਾ ਪੂਰਾ ਸਮਰਥਨ ਮਿਲ ਰਿਹਾ ਹੈ। ਇਸ ਦੇ ਨਾਲ ਹੀ ਵਿਰੋਧੀਆਂ ਵੱਲੋਂ ਕਰਮਜੀਤ ਨੂੰ ਕੈਨੇਡਾ ਪੀਆਰ ਕਹੇ ਜਾਣ ਤੇ ਉਨ੍ਹਾਂ ਵਿਰੋਧੀ ਧਿਰ ਨੂੰ ਨਿਸ਼ਾਨਾ ਬਣਾਇਆ। ਉਨ੍ਹਾਂ ਕਿਹਾ ਕਿ ਸਾਰੇ ਹੀ ਲੋਕ ਕਿਤੇ ਨਾ ਕਿਤੇ ਵਿਦੇਸ਼ਾਂ ‘ਚ ਜਾਂਦੇ ਹਨ ਪਰ ਉਹ ਪੰਜਾਬ ‘ਚ ਰਹਿ ਕੇ ਹੀ ਲੋਕਾਂ ਦੀ ਸੇਵਾ ਕਰਨਗੇ। ਇਸ ਦੇ ਨਾਲ ਹੀ ਇਸ ਮੌਕੇ ਉਨ੍ਹਾਂ ਨਾਲ ਮੌਜੂਦ ਅਦਾਕਾਰ ਬੀਨੂੰ ਢਿੱਲੋ ਨੇ ਕਿਹਾ ਕਿ ਉਹ ਕਰਮਜੀਤ ਅਨਮੋਲ ਦੇ ਹੱਕ ‘ਚ ਨਿਤਰੇ ਹਨ। ਲੋਕਾਂ ਦਾ ਸਾਥ ਮਿਲ ਰਿਹਾ ਹੈ ਤੇ ਆਮ ਆਦਮੀ ਪਾਰਟੀ ਦੀ ਹੀ ਜਿੱਤ ਹੋਵੇਗੀ।