ਹੁਸ਼ਿਆਰਪੁਰ – ਪੰਜਾਬ ਵਿਧਾਨ ਸਭਾ ਹਲਕਾ ਚੱਬੇਵਾਲ ਵਿਚ ਹੋਈ ਜ਼ਿਮਨੀ ਚੋਣ ਦੇ ਅੱਜ ਆਏ ਨਤੀਜੇ ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਇਸ਼ਾਂਕ ਕੁਮਾਰ ਚੱਬੇਵਾਲ ਨੇ ਵੱਡੀ ਜਿੱਤ ਹਾਸਲ ਕੀਤੀ ਹੈ। ਇਸ਼ਾਂਕ ਕੁਮਾਰ ਚੱਬੇਵਾਲ 28690 ਵੋਟਾਂ ਦੇ ਵੱਡੇ ਫਰਕ ਨਾਲ ਜੇਤੂ ਰਹੇ ਹਨ। ਇਸ਼ਾਂਕ ਕੁਮਾਰ ਨੂੰ ਕੁੱਲ੍ਹ 51904 ਵੋਟਾਂ ਪਈਆਂ। ਉਥੇ ਹੀ ਕਾਂਗਰਸ ਦੇ ਉਮੀਦਵਾਰ ਰਣਜੀਤ ਕੁਮਾਰ ਦੂਜੇ ਨੰਬਰ ‘ਤੇ ਰਹੇ ਹਨ ਅਤੇ ਉਨ੍ਹਾਂ ਨੂੰ 23214 ਵੋਟਾਂ ਪਈਆਂ ਹਨ ਅਤੇ ਭਾਜਪਾ ਤੀਜੇ ਨੰਬਰ ‘ਤੇ ਰਹੀ। ਭਾਜਪਾ ਦੇ ਉਮੀਦਵਾਰ ਸੋਹਣ ਸਿੰਘ ਠੰਢਲ ਨੂੰ 8692 ਵੋਟਾਂ ਪਈਆਂ ਹਨ।
ਜਿੱਤ ਦਾ ਸਰਟੀਫਿਕੇਟ ਲੈਣ ਉਪਰੰਤ ਇਸ਼ਾਂਕ ਕੁਮਾਰ ਚੱਬੇਵਾਲ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਹੋਏ ਵੱਡਾ ਬਿਆਨ ਦਿੱਤਾ ਹੈ। ਇਸ ਦੌਰਾਨ ਉਨ੍ਹਾਂ ਵੱਲੋਂ ਜਿੱਤ ਦਾ ਸਿਹਰਾ ਆਪਣੇ ਪਿਤਾ ਡਾ. ਰਾਜ ਕੁਮਾਰ ਚੱਬੇਵਾਲ ਨੂੰ ਦਿੱਤਾ ਗਿਆ। ਇਸ਼ਾਂਕ ਕੁਮਾਰ ਚੱਬੇਵਾਲ ਨੇ ਕਿਹਾ ਕਿ ਇਹ ਉਨ੍ਹਾਂ ਦੀ ਜਿੱਤ ਨਹੀਂ ਸਗੋਂ ਪੂਰੇ ਹਲਕੇ ਦੀ ਜਿੱਤ ਹੈ। ਪੂਰੇ ਹਲਕੇ ਨੇ ਉਨ੍ਹਾਂ ‘ਤੇ ਭਰੋਸਾ ਜਤਾਇਆ ਹੈ ਅਤੇ ਇਸ ਭਰੋਸੇ ਨੂੰ ਉਹ ਟੁੱਟਣ ਨਹੀਂ ਦੇਣਗੇ। ਉਨ੍ਹਾਂ ਕਿਹਾ ਕਿ ਜੋ ਵਾਅਦੇ ਉਨ੍ਹਾਂ ਨੇ ਇਲੈਕਸ਼ਨ ਦੌਰਾਨ ਚੱਬੇਵਾਲ ਹਲਕੇ ਦੇ ਲੋਕਾਂ ਨਾਲ ਕੀਤੇ ਹਨ, ਉਨ੍ਹਾਂ ਨੂੰ ਪੂਰਾ ਕੀਤਾ ਜਾਵੇਗਾ। ਵੱਡੀ ਜਿੱਤ ਲਈ ਪਰਮਾਤਮਾ ਦਾ ਧੰਨਵਾਦ ਕਰਦੇ ਹੋਏ ਇਸ਼ਾਂਕ ਚੱਬੇਵਾਲ ਨੇ ਮੁੱਖ ਮੰਤਰੀ ਭਗਵੰਤ ਮਾਨ, ‘ਆਪ’ ਸੁਪ੍ਰੀਮੋ ਅਰਵਿੰਦ ਕੇਜਰੀਵਾਲ ਅਤੇ ਜਨਤਾ ਸਮੇਤ ਪੂਰੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਦਾ ਵੀ ਤਹਿ ਦਿਲੋਂ ਧੰਨਵਾਦ ਕੀਤਾ।