ਚੰਡੀਗੜ੍ਹ : ਵਰਕ ਵੀਜ਼ਾ ਦਿਵਾਉਣ ਦੇ ਨਾਂ ’ਤੇ ਅੱਧੀ ਦਰਜਨ ਵਿਅਕਤੀਆਂ ਨੇ ਖੁੱਡਾ ਲਾਹੌਰਾ ਦੇ ਵਸਨੀਕ ਨਾਲ 2 ਲੱਖ ਰੁਪਏ ਦੀ ਠੱਗੀ ਮਾਰ ਲਈ। ਖੁੱਡਾ ਲਾਹੌਰਾ ਦੇ ਰਹਿਣ ਵਾਲੇ ਵਿਵੇਕ ਦਿਵੰਤਾ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਸ ਨੇ ਕੰਮ ਲਈ ਵਿਦੇਸ਼ ਜਾਣਾ ਸੀ। ਇਸ ਸਬੰਧੀ ਉਹ ਮੰਨਤ ਨੂੰ ਮਿਲਿਆ। ਮੰਨਤ ਨੇ ਉਸ ਨੂੰ ਅੰਸ਼ਿਕਾ, ਸਾਹਿਲ, ਹਰਮਨ ਤੇ ਹੋਰ ਸਹਿਯੋਗੀਆਂ ਨਾਲ ਮਿਲਾਇਆ। ਉਨ੍ਹਾਂ ਕਿਹਾ ਕਿ ਉਹ ਉਸ ਦਾ ਵਰਕ ਵੀਜ਼ਾ ਲਗਵਾ ਦੇਣਗੇ।
ਮੁਲਜ਼ਮਾਂ ਨੇ ਸ਼ਿਕਾਇਤਕਰਤਾ ਤੋਂ ਵਰਕ ਵੀਜ਼ਾ ਲਗਵਾਉਣ ਲਈ ਦੋ ਲੱਖ ਰੁਪਏ ਲੈ ਕੇ ਨਾ ਤਾਂ ਉਸ ਦਾ ਵੀਜ਼ਾ ਲਗਵਾਇਆ ਤੇ ਨਾ ਹੀ ਪੈਸੇ ਮੋੜੇ। ਸੈਕਟਰ-26 ਥਾਣੇ ਦੀ ਪੁਲਸ ਨੇ ਮਾਮਲੇ ਦੀ ਜਾਂਚ ਕਰ ਕੇ ਮੁਲਜ਼ਮ ਮੰਨਤ, ਅੰਸ਼ਿਕਾ, ਸਾਹਿਲ, ਹਰਮਨ ਤੇ ਹੋਰਨਾਂ ਖ਼ਿਲਾਫ਼ ਧੋਖਾਧੜੀ ਤੇ ਸਾਜ਼ਿਸ਼ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲਸ ਮੁਲਜ਼ਮਾਂ ਦੀ ਭਾਲ ਕਰ ਰਹੀ ਹੈ।