ਚੰਡੀਗੜ੍ਹ : ਪ੍ਰਧਾਨ ਮੰਤਰੀ ਨਰਿੰਦਰ ਮੋਦੀ 3 ਦਸੰਬਰ ਨੂੰ ਚੰਡੀਗੜ੍ਹ ਦੇ ਪੰਜਾਬ ਇੰਜਨੀਅਰਿੰਗ ਕਾਲਜ (ਪੈੱਕ) ’ਚ ਆਉਣਗੇ। ਚੰਡੀਗੜ੍ਹ ਪੁਲਸ ਤੇ ਯੂ. ਟੀ. ਪ੍ਰਸ਼ਾਸਨਿਕ ਅਧਿਕਾਰੀ ਪ੍ਰਧਾਨ ਮੰਤਰੀ ਦੀ ਆਮਦ ਨੂੰ ਲੈ ਕੇ ਤਿਆਰੀਆਂ ਅਤੇ ਸੁਰੱਖਿਆ ਨੂੰ ਲੈ ਕੇ ਮੀਟਿੰਗਾਂ ਕਰਨ ’ਚ ਰੁੱਝੇ ਹੋਏ ਹਨ। ਰਜਿੰਦਰਾ ਪਾਰਕ ’ਚ ਬਣੇ ਹੈਲੀਪੈਡ ਨੂੰ ਪ੍ਰਧਾਨ ਮੰਤਰੀ ਦੇ ਹੈਲੀਕਾਪਟਰ ਲਈ ਵਰਤਣ ਦੀ ਯੋਜਨਾ ਸੀ ਪਰ ਸੁਰੱਖਿਆ ਏਜੰਸੀਆਂ ਨੇ ਇਸ ਨੂੰ ਅਸੁਰੱਖਿਅਤ ਦੱਸਦਿਆਂ ਰੱਦ ਕਰ ਦਿੱਤਾ। ਏਜੰਸੀਆਂ ਦਾ ਕਹਿਣਾ ਹੈ ਕਿ ਹੈਲੀਪੈਡ ਸਮਾਗਮ ਸਥਾਨ ਤੋਂ 200-250 ਮੀਟਰ ਅੰਦਰ ਹੋਣਾ ਚਾਹੀਦਾ ਹੈ, ਜਦਕਿ ਰਾਜਿੰਦਰਾ ਪਾਰਕ ਦੀ ਦੂਰੀ 500 ਮੀਟਰ ਤੋਂ ਵੱਧ ਹੈ।
ਇਸ ਦੇ ਮੱਦੇਨਜ਼ਰ ਹੁਣ ਬਦਲਵੇਂ ਸਥਾਨਾਂ ’ਤੇ ਵਿਚਾਰ ਕੀਤਾ ਜਾ ਰਿਹਾ ਹੈ। ਰਾਜਿੰਦਰਾ ਪਾਰਕ ਤੇ ਪੈੱਕ ਕੰਪਲੈਕਸ ਦੇ ਆਲੇ-ਦੁਆਲੇ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ। ਪੈੱਕ ’ਚ ਸਮਾਗਮ ਵਾਲੀ ਥਾਂ ’ਤੇ ਵੱਡੇ-ਵੱਡੇ ਟੈਂਟ ਲਾਉਣ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ। ਦਿੱਲੀ ਦੀਆਂ ਸੁਰੱਖਿਆ ਏਜੰਸੀਆਂ ਚੰਡੀਗੜ੍ਹ ’ਚ ਤਾਇਨਾਤ ਹਨ ਤੇ ਆਪਣੇ ਤਰੀਕੇ ਨਾਲ ਸੁਰੱਖਿਆ ਦਾ ਜਾਇਜ਼ਾ ਲੈ ਰਹੀਆਂ ਹਨ। ਪ੍ਰਧਾਨ ਮੰਤਰੀ ਦੀ ਆਮਦ ਤੋਂ ਪਹਿਲਾਂ ਚੰਡੀਗੜ੍ਹ ਪੁਲਸ ਤੇ ਪ੍ਰਸ਼ਾਸਨ ਹਰ ਪਹਿਲੂ ਨੂੰ ਧਿਆਨ ’ਚ ਰੱਖਦਿਆਂ ਤਿਆਰੀਆਂ ਨੂੰ ਅੰਤਿਮ ਰੂਪ ਦੇਣ ’ਚ ਜੁੱਟੇ ਹਨ।