ਫਿਰੋਜ਼ਪੁਰ : ਫਿਰੋਜ਼ਪੁਰ ਪੁਲਸ ਨੇ ਮਾੜੇ ਅਨਸਰਾਂ ਖ਼ਿਲਾਫ਼ ਵੱਖ-ਵੱਖ ਮੁਹਿੰਮਾਂ ਚਲਾਈਆਂ ਹੋਈਆਂ ਹਨ। ਇਸ ਦੇ ਚੱਲਦਿਆਂ ਪੁਲਸ ਨੂੰ ਮਾੜੇ ਅਨਸਰਾਂ ਨੂੰ ਗ੍ਰਿਫ਼ਤਾਰ ਕਰਨ ‘ਚ ਸਫ਼ਲਤਾ ਹਾਸਲ ਹੋ ਰਹੀ ਹੈ। ਇਸੇ ਕੜੀ ਦੇ ਤਹਿਤ ਫਿਰੋਜ਼ਪੁਰ ਪੁਲਸ ਨੇ ਰਾਤ ਦੇ ਹਨ੍ਹੇਰੇ ‘ਚ ਟਰੱਕਾਂ ਵਾਲਿਆਂ ਨੂੰ ਲੁੱਟਣ ਵਾਲੇ ਇੱਕ ਵੱਡੇ ਗਿਰੋਹ ਨੂੰ ਕਾਬੂ ਕੀਤਾ ਹੈ। ਗਿਰੋਹ ਦੇ 4 ਮੈਂਬਰਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ।ਜਾਣਕਾਰੀ ਦਿੰਦਿਆਂ ਡੀ. ਐੱਸ. ਪੀ. ਕਰਨ ਸ਼ਰਮਾ ਨੇ ਦੱਸਿਆ ਕਿ ਇਹ ਗਿਰੋਹ ਰਾਤ ਦੇ ਹਨ੍ਹੇਰੇ ‘ਚ ਟਰੱਕਾਂ ਵਾਲਿਆਂ ਨੂੰ ਨਿਸ਼ਾਨਾ ਬਣਾਉਂਦਾ ਸੀ ਅਤੇ ਟਰੱਕਾਂ ਵਾਲਿਆਂ ਨੂੰ ਸੁੰਨਸਾਨ ਜਗ੍ਹਾ ‘ਤੇ ਰੋਕ ਉਨ੍ਹਾਂ ਨੂੰ ਹਥਿਆਰ ਦਿਖਾ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੰਦਾ ਸੀ। ਇਸੇ ਤਰ੍ਹਾਂ ਇਨ੍ਹਾਂ ਨੇ ਸੁਰ ਸਿੰਘ ਵਾਲਾ ‘ਚ ਇੱਕ ਵਾਰਦਾਤ ਨੂੰ ਅੰਜਾਮ ਦਿੱਤਾ ਸੀ।
ਇਸ ‘ਤੇ ਕਾਰਵਾਈ ਕਰਦਿਆਂ ਫਿਰੋਜ਼ਪੁਰ ਪੁਲਸ ਨੇ ਵੱਖ-ਵੱਖ ਟੀਮਾਂ ਦਾ ਗਠਨ ਕਰਕੇ ਇਸ ਗਿਰੋਹ ਦੇ 4 ਮੈਂਬਰ ਗ੍ਰਿਫ਼ਤਾਰ ਕੀਤੇ ਹਨ। ਉਨ੍ਹਾਂ ਕੋਲੋਂ ਇੱਕ 12 ਬੋਰ ਦੁਨਾਲੀ, ਇੱਕ ਕਾਪਾ ਕਿਰਪਾਨ ਅਤੇ ਇੱਕ ਆਈ-20 ਕਾਰ ਵੀ ਬਰਾਮਦ ਕੀਤੀ ਹੈ। ਉਕਤ ਲੋਕਾਂ ਖਿਲਾਫ਼ ਮਾਮਲਾ ਦਰਜ ਕਰ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।