ਲੁਧਿਆਣਾ: ਪਾਵਰਕਾਮ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਲਗਾਤਾਰ ਵਰਤੀ ਜਾ ਰਹੀ ਲਾਪ੍ਰਵਾਹੀ ਕਾਰਨ ਸਮਰਾਲਾ ਚੌਕ ਨੇੜੇ ਪੈਂਦੇ ਬੇਅੰਤਪੁਰਾ ਦੇ ਇਲਾਕਾ ਨਿਵਾਸੀਆਂ ਦਾ ਗੁੱਸਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ।
ਤਾਜ਼ਾ ਮਾਮਲੇ ਦੀ ਗੱਲ ਕੀਤੀ ਜਾਵੇ ਤਾਂ ਬੇਅੰਤਪੁਰਾ ਇਲਾਕੇ ਦੀ ਗਲੀ ਨੰ. 6 ਦੀ ਸੰਘਣੀ ਆਬਾਦੀ ਵਾਲੇ ਰਿਹਾਇਸ਼ੀ ਇਲਾਕੇ ’ਚ ਬਿਜਲੀ ਵਿਭਾਗ ਵੱਲੋਂ ਜ਼ਮੀਨ ’ਤੇ ਰੱਖੇ ਗਏ ਟਰਾਂਸਫਾਰਮਰ ਨੂੰ ਲੈ ਕੇ ਲੋਕਾਂ ਦੀ ਜਾਨ ਆਫਤ ’ਚ ਪਈ ਹੋਈ ਹੈ। ਪਾਵਰਕਾਮ ਅਧਿਕਾਰੀਆਂ ਦੀ ਲਾਪ੍ਰਵਾਹੀ ਕਾਰਨ ਇਲਾਕਾ ਨਿਵਾਸੀਆਂ ’ਚ ਇਸ ਕਦਰ ਦਹਿਸ਼ਤ ਪਾਈ ਜਾ ਰਹੀ ਹੈ ਕਿ ਆਪਣੇ ਬੱਚਿਆਂ ਨੂੰ ਗਲੀ ’ਚ ਖੇਡਣ ਲਈ ਭੇਜਣ ’ਤੇ ਮਾਪਿਆਂ ਦੇ ਸਾਹ ਤੱਕ ਸੁੱਕ ਜਾਂਦੇ ਹਨ ਕਿ ਕਿਤੇ ਬਿਜਲੀ ਵਿਭਾਗ ਵੱਲੋਂ ਜ਼ਮੀਨ ’ਤੇ ਰੱਖੇ ਗਏ ਟਰਾਂਸਫਾਰਮਰ ਨੇੜੇ ਖੇਡਦੇ ਸਮੇਂ ਉਨ੍ਹਾਂ ਬੱਚੇ ਕਿਸੇ ਮੁਸੀਬਤ ਵਿਚ ਨਾ ਪੈ ਜਾਣ। ਹਾਲਾਂਕਿ ਜਿਸ ਜਗ੍ਹਾ ਗਲੀ ’ਚ ਜ਼ਮੀਨ ’ਤੇ ਬਿਜਲੀ ਦਾ ਵੱਡਾ ਅਤੇ ਭਰੀ ਭਰਕਮ ਟਰਾਂਸਫਾਰਮਰ ਰੱਖਿਆ ਗਿਆ ਹੈ, ਉਸ ਦੇ ਚੰਦ ਕਦਮਾਂ ਦੀ ਦੂਰੀ ’ਤੇ ਹੀ ਛੋਟੇ ਬੱਚਿਆਂ ਦਾ ਇਕ ਸਕੂਲ ਵੀ ਬਣਿਆ ਹੋਇਆ ਹੈ।
ਏਜੰਸੀ ਮਾਲਕ ਗੌਰਵ ਹਾਂਡਾ, ਗੁਰਬਚਨ ਕੌਰ, ਦਰਸ਼ਨਾ ਰਾਣੀ, ਸ਼ੀਲਾ ਰਾਣੀ, ਬਲਵੀਰ ਸਿੰਘ, ਅਮਨਪ੍ਰੀਤ ਸਿੰਘ, ਗੁਰਮੇਲ ਸਿੰਘ, ਪਿੰਦਰਪਾਲ ਸਿੰਘ, ਕਰਨ ਕੁਮਾਰ ਆਦਿ ਨੇ ਦੱਸਿਆ ਕਿ ਮਾਮਲੇ ਨੂੰ ਲੈ ਕੇ ਇਲਾਕਾ ਨਿਵਾਸੀਆਂ ਵਲੋਂ ਪਾਵਰਕਾਮ ਅਧਿਕਾਰੀਆਂ ਨੂੰ ਕਈ ਵਾਰ ਅਪੀਲ ਦਿੱਤੀ ਜਾ ਚੁੱਕੀ ਹੈ ਕਿ ਟਰਾਂਸਫਾਰਮਰ ਨੂੰ ਜ਼ਮੀਨ ਤੋਂ ਚੁੱਕ ਕੇ ਖੰਭਿਆਂ ’ਤੇ ਲਗਾਉਣ ਸਮੇਤ ਖਸਤਾ ਹਾਲ ਹੋ ਚੁੱਕੀਆਂ ਬਿਜਲੀਆਂ ਦੀਆਂ ਤਾਰਾਂ ਨੂੰ ਬਦਲ ਜਾਵੇ ਤਾਂ ਕਿ ਇਲਾਕੇ ਦੇ ਲੋਕ ਅਤੇ ਬੱਚੇ ਬਿਨਾਂ ਕਿਸੇ ਦਹਿਸ਼ਤ ਦੇ ਜੀਵਨ ਬਤੀਤ ਕਰ ਸਕਣ।