ਨੈਸ਼ਨਲ – ਮੰਗਲਵਾਰ ਨੂੰ ਪਿਕਨਿਕ ਮਨਾਉਣ ਜਾ ਰਹੀ ਸਕੂਲ ਦੀ ਇਕ ਬੱਸ ਦੇ ਪਲਟਣ ਨਾਲ ਉਸ ‘ਤੇ ਸਵਾਰ ਇਕ ਵਿਦਿਆਰਥੀ ਦੀ ਮੌਤ ਹੋ ਗਈ ਅਤੇ ਕਈ ਹੋਰ ਵਿਦਿਆਰਥੀ ਅਤੇ ਅਧਿਆਪਕ ਜ਼ਖ਼ਮੀ ਹੋ ਗਏ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਇਹ ਹਾਦਸਾ ਮਹਾਰਾਸ਼ਟਰ ਦੇ ਨਾਗਪੁਰ ਜ਼ਿਲ੍ਹੇ ‘ਚ ਵਾਪਰਿਆ। ਇਹ ਹਾਦਸਾ ਉਸ ਸਮੇਂ ਵਾਪਰਿਆ, ਜਦੋਂ ਇੱਥੇ ਸ਼ੰਕਰ ਨਗਰ ਖੇਤਰ ਸਥਿਤ ਸਰਸਵਤੀ ਹਾਈ ਸਕੂਲ ਦੇ ਵਿਦਿਆਰਥੀ ਅਤੇ ਅਧਿਆਪਕ 5 ਬੱਸਾਂ ‘ਚ ਸਵਾਰ ਹੋ ਕੇ ਗੁਆਂਢੀ ਵਰਧਾ ਜ਼ਿਲ੍ਹੇ ‘ਚ ਪਿਕਨਿਕ ਸਥਾਨ ਲਈ ਜਾ ਰਹੇ ਸਨ।
ਹਿੰਗਨਾ ਪੁਲਸ ਥਾਣੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਬੱਸ ‘ਚ ਕਰੀਬ 50 ਲੋਕ ਸਵਾਰ ਸਨ ਅਤੇ ਇਹ ਬੱਸ ਸ਼ਹਿਰ ਦੇ ਬਾਹਰੀ ਇਲਾਕੇ ‘ਚ ਪਹਾੜੀ ਖੇਤਰ ਸਥਿਤ ਹਿੰਗਨੀ ਰੋਡ ‘ਤੇ ਦੇਵਲੀ ਪੇਂਢਾਰੀ ਪਿੰਡ ਕੋਲ ਪਲਟ ਗਈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਮੁੰਡਾ 7ਵੀਂ ਜਮਾਤ ਦਾ ਵਿਦਿਆਰਥੀ ਸੀ। ਹਾਦਸੇ ‘ਚ ਇਕ ਕੁੜੀ ਅਤੇ ਅਧਿਆਪਕ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ ਅਤੇ ਉਨ੍ਹਾਂ ਨੂੰ ਇਲਾਜ ਲਈ ਅਖਿਲ ਭਾਰਤੀ ਆਯੂਰਵਿਗਿਆਨ ਸੰਸਥਾ, ਨਾਗਪੁਕ ਲਿਜਾਇਆ ਗਿਆ, ਜਦੋਂ ਕਿ ਹੋਰ ਜ਼ਖ਼ਮੀਆਂ ਨੂੰ ਕੋਲ ਦੇ ਗ੍ਰਾਮੀਣ ਹਸਪਤਾਲ ਲਿਜਾਇਆ ਗਿਆ। ਪੁਲਸ ਨੇ ਦੱਸਿਆ ਕਿ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ।