ਅੰਮ੍ਰਿਤਸਰ- ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ਼ਾਕਸ਼ੀ ਸਾਹਨੀ ਨੇ ਅੱਜ ਸਵੇਰੇ ਅਚਨਚੇਤ ਰਜਿਸਟਰਾਰ ਦਫ਼ਤਰ ਅੰਮ੍ਰਿਤਸਰ ਇੱਕ, ਦੋ ਅਤੇ ਤਿੰਨ ਪਹੁੰਚ ਕੇ ਚੈਕਿੰਗ ਕੀਤੀ। ਉਨ੍ਹਾਂ ਨੇ ਇਸ ਮੌਕੇ ਰਜਿਸਟਰੀ ਕਰਵਾਉਣ ਆਏ ਲੋਕਾਂ ਨੂੰ ਮਿਲ ਕੇ ਉਨ੍ਹਾਂ ਦੀ ਫੀਡਬੈਕ ਵੀ ਵਿਭਾਗ ਅਤੇ ਦਫਤਰਾਂ ਬਾਰੇ ਲਈ। ਇਸ ਤੋਂ ਇਲਾਵਾ ਉਨ੍ਹਾਂ ਨੇ ਕੱਲ੍ਹ ਹੋਈਆਂ ਰਜਿਸਟਰੀਆਂ ਦਾ ਰਿਕਾਰਡ ਵੇਖਿਆ ਅਤੇ ਹਦਾਇਤ ਕੀਤੀ ਕਿ ਰਜਿਸਟਰੀ ਉਸੇ ਦਿਨ ਦਸਤਖ਼ਤ ਕਰਕੇ ਮਾਲਕਾਂ ਦੇ ਹਵਾਲੇ ਕੀਤੀਆਂ ਜਾਣੀਆਂ ਯਕੀਨੀ ਬਣਾਈਆਂ ਜਾਣ । ਇਸ ਤੋਂ ਇਲਾਵਾ ਤੁਰੰਤ ਸਾਰੀਆਂ ਰਜਿਸਟਰੀਆਂ ਇੰਤਕਾਲ ਲਈ ਫਾਰਵਰਡ ਕੀਤੀਆਂ ਜਾਣ।
ਇਸੇ ਦੌਰਾਨ ਉਨ੍ਹਾਂ ਨੇ ਕੱਲ੍ਹ ਰਜਿਸਟਰਾਰ ਦਫ਼ਤਰ ‘ਚ ਪਹੁੰਚੇ ਜ਼ਿਲ੍ਹਾ ਵਾਸੀ ਸੁਖਵਿੰਦਰ ਕੌਰ ਜਿਨ੍ਹਾਂ ਨੇ ਕੱਲ੍ਹ ਕੋਈ ਲੀਜ ਕਰਵਾਈ ਸੀ, ਨੂੰ ਫੋਨ ਕਰਕੇ ਉਨ੍ਹਾਂ ਕੋਲੋਂ ਰਜਿਸਟਰਾਰ ਦਫ਼ਤਰ ਵਿੱਚ ਹੋਏ ਤਜ਼ਰਬੇ ਬਾਰੇ ਵੇਰਵੇ ਲਏ। ਡਿਪਟੀ ਕਮਿਸ਼ਨਰ ਨੇ ਵੇਖਿਆ ਕਿ ਰਜਿਸਟਰਾਰ ਦਫਤਰ ਵਿੱਚ ਲੱਗੀ ਡਿਸਪਲੇ ਜਿਸ ਉੱਤੇ ਰਜਿਸਟਰੀ ਕਰਵਾਉਣ ਆਏ ਲੋਕਾਂ ਨੂੰ ਨੰਬਰ ਦਿੱਤਾ ਜਾਂਦਾ ਹੈ, ਖ਼ਰਾਬ ਸੀ ਤਾਂ ਉਨ੍ਹਾਂ ਨੇ ਤੁਰੰਤ ਹੀ ਇਸ ਨੂੰ ਬਦਲਣ ਦੀ ਹਦਾਇਤ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਨੇ ਰਿਕਾਰਡ ਸਾਂਭਣ ਲਈ ਜ਼ਰੂਰੀ ਅਲਮਾਰੀਆਂ ਆਦਿ ਦੀ ਘਾਟ ਨੂੰ ਵੇਖਦੇ ਹੋਏ ਇਸ ਦੀ ਮੰਗ ਪੇਸ਼ ਕਰਨ ਲਈ ਕਿਹਾ।