ਪਟਿਆਲਾ : ਪੰਜਾਬ ‘ਚ ਹੋਈਆਂ ਜ਼ਿਮਨੀ ਚੋਣਾਂ ਦੌਰਾਨ ਜਿੱਤ ਹਾਸਲ ਕਰਨ ਮਗਰੋਂ ਅੱਜ ਆਮ ਆਦਮੀ ਪਾਰਟੀ ਪੰਜਾਬ ਵਲੋਂ ‘ਸ਼ੁਕਰਾਨਾ ਯਾਤਰਾ’ ਕੱਢੀ ਜਾ ਰਹੀ ਹੈ। ਇਹ ਯਾਤਰਾ ਸਵੇਰੇ ਪਟਿਆਲਾ ਦੇ ਕਾਲੀ ਮਾਤਾ ਮੰਦਰ ਤੋਂ ਸ਼ੁਰੂ ਹੋਈ ਸੀ।ਇਹ ਸ਼ੁਕਰਾਨਾ ਯਾਤਰਾ ਸਰਹਿੰਦ, ਮੰਡੀ ਗੋਬਿੰਦਗੜ੍ਹ, ਖੰਨਾ, ਦੋਰਾਹਾ, ਲੁਧਿਆਣਾ, ਲਾਡੋਵਾਲ ਟੋਲ ਪਲਾਜ਼ਾ, ਫਿਲੌਰ, ਫਗਵਾੜਾ, ਜਲੰਧਰ ਅਤੇ ਕਰਤਾਰਪੁਰ ਸਾਹਿਬ ਤੋਂ ਹੁੰਦੀ ਹੋਈ ਸੱਚਖੰਡ ਸ੍ਰੀ ਦਰਬਾਰ ਸਾਹਿਬ ਪਹੁੰਚੇਗੀ। ਉੱਥੇ ਮੱਥਾ ਟੇਕਣ ਤੋਂ ਬਾਅਦ ਯਾਤਰਾ ਦੁਰਗਿਆਣਾ ਮੰਦਰ ਅਤੇ ਫਿਰ ਵਾਲਮੀਕਿ ਰਾਮਤੀਰਥ ਮੰਦਰ ਦੇ ਦਰਸ਼ਨ ਕਰਕੇ ਸਮਾਪਤ ਹੋਵੇਗੀ। ਜਿੱਥੋਂ-ਜਿੱਥੋਂ ਯਾਤਰਾ ਲੰਘੇਗੀ, ਲੋਕਾਂ ਵਲੋਂ ਸੁਆਗਤ ਕੀਤਾ ਜਾਵੇਗਾ।
ਪੰਜਾਬ ਦੇ ਚਾਰ ਵਿਧਾਨ ਸਭਾ ਹਲਕਿਆਂ ਚੱਬੇਵਾਲ, ਡੇਰਾ ਬਾਬਾ ਨਾਨਕ, ਗਿੱਦੜਬਾਹਾ ਅਤੇ ਬਰਨਾਲਾ ਵਿੱਚ ਜ਼ਿਮਨੀ ਚੋਣਾਂ ਹੋਈਆਂ ਕਿਉਂਕਿ ਇੱਥੋਂ ਦੇ ਵਿਧਾਇਕ ਐੱਮ. ਪੀ. ਬਣ ਚੁੱਕੇ ਸਨ। ਇਸ ਕਾਰਨ ਇਹ ਸੀਟਾਂ ਖ਼ਾਲੀ ਹੋਈਆਂ ਸਨ। ਜ਼ਿਮਨੀ ਚੋਣ ‘ਚ ਬਰਨਾਲਾ ਸੀਟ ਨੂੰ ਛੱਡ ਕੇ ਬਾਕੀ ਸਾਰੀਆਂ ਸੀਟਾਂ ‘ਆਪ’ ਦੇ ਖ਼ਾਤੇ ‘ਚ ਗਈਆਂ ਹਨ। ਆਮ ਆਦਮੀ ਪਾਰਟੀ ਨੇ ਇਹ ਸਾਰੀਆਂ ਸੀਟਾਂ ਪਹਿਲੀ ਵਾਰ ਜਿੱਤੀਆਂ ਹਨ, ਜਦੋਂਕਿ ਬਰਨਾਲਾ ਸੀਟ ਨੂੰ ‘ਆਪ’ ਦਾ ਗੜ੍ਹ ਕਿਹਾ ਜਾਂਦਾ ਸੀ। ਇਸ ‘ਤੇ ਹੁਣ ਕਾਂਗਰਸ ਨੇ ਕਬਜ਼ਾ ਕਰ ਲਿਆ ਹੈ। ਇਸ ਦੇ ਨਾਲ ਹੀ ਚੱਬੇਵਾਲ ਤੋਂ ਸੰਸਦ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ ਦੇ ਪੁੱਤਰ ਡਾ. ਇਸ਼ਾਂਕ ਨੇ ਚੋਣ ਜਿੱਤੀ ਹੈ।