ਪੰਜਾਬ- ਪੰਜਾਬ ਦੇ ਨੰਗਲ ਵਿੱਚ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਆਗੂ ਵਿਕਾਸ ਪ੍ਰਭਾਕਰ ਦੇ ਕਤਲ ਮਾਮਲੇ ਚ ਐਨਆਈਏ ਵਲੋਂ ਜਾਂਚ ਕੀਤੀ ਜਾਵੇਗੀ । ਕੱਲ੍ਹ ਐਨਆਈਏ ਨੇ ਦਿੱਲੀ ਵਿੱਚ ਇਸ ਕਤਲ ਸਬੰਧੀ ਇੱਕ ਵੱਖਰੀ ਐਫਆਈਆਰ ਦਰਜ ਕੀਤੀ ਹੈ। ਮੰਨਿਆ ਜਾ ਰਿਹਾ ਹੈ ਕਿ ਜਲਦ ਹੀ NIA ਦੀ ਟੀਮ ਪੰਜਾਬ ਪੁਲਿਸ ਵੱਲੋਂ ਪ੍ਰਭਾਕਰ ਕਤਲ ਕਾਂਡ ‘ਚ ਗ੍ਰਿਫਤਾਰ ਕੀਤੇ ਗਏ ਦੋਵਾਂ ਦੋਸ਼ੀਆਂ ਨੂੰ ਪੁੱਛਗਿੱਛ ਲਈ ਰਿਮਾਂਡ ‘ਤੇ ਲੈ ਜਾਵੇਗੀ। ਪੰਜਾਬ ਪੁਲਿਸ ਨੇ ਦਾਅਵਾ ਕੀਤਾ ਸੀ ਕਿ ਫੜੇ ਗਏ ਮੁਲਜ਼ਮਾਂ ਦੇ ਪਾਕਿਸਤਾਨ ਨਾਲ ਸਬੰਧ ਸਨ ਅਤੇ ਕਤਲ ਵੀ ਪਾਕਿਸਤਾਨ ਦੇ ਇਸ਼ਾਰੇ ‘ਤੇ ਕੀਤਾ ਗਿਆ ਸੀ।ਦੱਸ ਦੇਈਏ ਕਿ 13 ਅਪ੍ਰੈਲ ਦੀ ਸ਼ਾਮ ਨੂੰ ਵੀਐਚਪੀ ਨੰਗਲ ਮੰਡਲ ਦੇ ਪ੍ਰਧਾਨ ਵਿਕਾਸ ਪ੍ਰਭਾਕਰ ਉਰਫ਼ ਵਿਕਾਸ ਬੱਗਾ ਦੀ ਰੂਪਨਗਰ ਦੇ ਰੇਲਵੇ ਰੋਡ ਨੰਗਲ ‘ਤੇ ਸਥਿਤ ਉਨ੍ਹਾਂ ਦੀ ਦੁਕਾਨ ‘ਤੇ ਦੋ ਅਣਪਛਾਤੇ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ। ਇੱਕ ਹਮਲਾਵਰ ਨੇ ਹੈਲਮੇਟ ਪਾਇਆ ਹੋਇਆ ਸੀ ਅਤੇ ਦੂਜੇ ਨੇ ਮਫਲਰ ਨਾਲ ਮੂੰਹ ਢੱਕਿਆ ਹੋਇਆ ਸੀ। ਪੁਲਿਸ ਨੇ ਕਤਲ ਵਿੱਚ ਵਰਤੇ ਗਏ .32 ਬੋਰ ਦੇ ਦੋ ਪਿਸਤੌਲ ਬਰਾਮਦ ਕੀਤੇ ਹਨ। ਇਸ ਤੋਂ ਇਲਾਵਾ ਪੁਲਿਸ ਨੇ ਮੁਲਜ਼ਮਾਂ ਕੋਲੋਂ ਕਰੀਬ 16 ਜਿੰਦਾ ਕਾਰਤੂਸ ਅਤੇ ਇੱਕ ਖਾਲੀ ਕਾਰਤੂਸ ਵੀ ਬਰਾਮਦ ਕੀਤਾ ਹੈ।