ਲੁਧਿਆਣਾ: ਪੰਜਾਬ ਦੇ ਸਕੂਲ ਸਿੱਖਿਆ ਵਿਭਾਗ ਨੇ ਆਗਾਮੀ ਫਰਵਰੀ ਅਤੇ ਮਾਰਚ ’ਚ ਹੋਣ ਵਾਲੀਆਂ 8ਵੀਂ, 10ਵੀਂ ਅਤੇ 12ਵੀਂ ਕਲਾਸ ਦੀਆਂ ਬੋਰਡ ਪ੍ਰੀਖਿਆਵਾਂ ਦੀ ਤਿਆਰੀ ਦੇ ਸੰਦਰਭ ’ਚ ਇਕ ਮਹੱਤਵਪੂਰਨ ਹੁਕਮ ਜਾਰੀ ਕਰ ਦਿੱਤਾ ਹੈ। ਇਸ ਹੁਕਮ ’ਚ ਖਾਸ ਤੌਰ ’ਤੇ ਮੁਲਾਜ਼ਮਾਂ ਨੂੰ ਚਾਈਲਡ ਕੇਅਰ ਲੀਵ ਅਤੇ ਵਿਦੇਸ਼ ਯਾਤਰਾ ਦੀਆਂ ਛੁੱਟੀਆਂ ਨੂੰ ਲੈ ਕੇ ਸਪੱਸ਼ਟ ਨਿਰਦੇਸ਼ ਜਾਰੀ ਕਰਦਿਆਂ ਕਿਹਾ ਹੈ ਕਿ ਕਿਸੇ ਵੀ ਅਧਿਆਪਕ ਜਾਂ ਹੋਰਨਾਂ ਮੁਲਾਜ਼ਮਾਂ ਨੂੰ ਪ੍ਰੀਖਿਆਵਾਂ ਦੇ ਮੱਦੇਨਜ਼ਰ ਕਿਸੇ ਵੀ ਤਰ੍ਹਾਂ ਦੀ ਵਿਦੇਸ਼ੀ ਛੁੱਟੀ ਜਾਂ ਚਾਈਲਡ ਕੇਅਰ ਲੀਵ ਨਹੀਂ ਮਿਲੇਗੀ।
ਸੈਕਟਰੀ ਸਕੂਲ ਸਿੱਖਿਆ ਪੰਜਾਬ ਨੇ ਹੁਕਮ ਦਿੱਤੇ ਹਨ ਕਿ ਦਸੰਬਰ, ਜਨਵਰੀ ਅਤੇ ਫਰਵਰੀ ’ਚ ਚਾਈਲਡ ਕੇਅਰ ਲੀਵ ਅਤੇ ਵਿਦੇਸ਼ ਯਾਤਰਾ ਦੀਆਂ ਛੁੱਟੀਆਂ ਨਹੀਂ ਦਿੱਤੀਆਂ ਜਾਣਗੀਆਂ। ਇਨ੍ਹਾਂ ਮਹੀਨਿਆਂ ’ਚ ਬੱਚਿਆਂ ਦੀ ਪੜ੍ਹਾਈ ’ਤੇ ਵਿਸ਼ੇਸ਼ ਧਿਆਨ ਦਿੱਤਾ ਜਾਣਾ ਚਾਹੀਦਾ ਹੈ ਕਿਉਂਕਿ ਇਸ ਸਮੇਂ ਪ੍ਰੀ-ਬੋਰਡ ਪ੍ਰੀਖਿਆ ਅਤੇ ਬੋਰਡ ਪ੍ਰੀਖਿਆ ਦੀ ਤਿਆਰੀ ਹੋ ਰਹੀ ਹੋਵੇਗੀ। ਵਿਭਾਗ ਨੇ ਸਪੱਸ਼ਟ ਕੀਤਾ ਕਿ ਇਨ੍ਹਾਂ ਮਹੀਨਿਆਂ ’ਚ ਬੱਚਿਆਂ ਦੀ ਪੜ੍ਹਾਈ ’ਚ ਕੋਈ ਵਿਘਨ ਨਹੀਂ ਪੈਣਾ ਚਾਹੀਦਾ ਅਤੇ ਇਸ ਲਈ ਚਾਈਲਡ ਕੇਅਰ ਲੀਵ ਅਤੇ ਵਿਦੇਸ਼ ਯਾਤਰਾ ਦੀਆਂ ਛੁੱਟੀਆਂ ਸਿਰਫ ਵਿਸ਼ੇਸ਼ ਹਾਲਾਤ ’ਚ ਹੀ ਦਿੱਤੀਆਂ ਜਾਣਗੀਆਂ।