ਫਿਰੋਜ਼ਪੁਰ-: ਇੱਕ ਵਿਅਕਤੀ ਦੇ ਨਾਲ 12 ਕਨਾਲ 16 ਮਰਲੇ ਜ਼ਮੀਨ ਵੇਚਣ ਦਾ ਸੌਦਾ ਤੈਅ ਕਰਕੇ ਇਕਰਾਰਨਾਮਾ ਕਰਨ ਅਤੇ ਬਾਅਦ ਵਿਚ ਰਜਿਸਟਰੀ ਨਾ ਕਰਵਾ ਕੇ ਦੇਣ ਵਾਲੇ ਪਿਓ-ਪੁੱਤ ਦੇ ਖ਼ਿਲਾਫ਼ ਪੁਲਸ ਨੇ ਜਾਂਚ ਤੋਂ ਬਾਅਦ ਪਰਚਾ ਦਰਜ ਕੀਤਾ ਹੈ। ਥਾਣਾ ਕੈਂਟ ਦੇ ਏ. ਐੱਸ. ਆਈ. ਸਲਵਿੰਦਰ ਸਿੰਘ ਨੇ ਦੱਸਿਆ ਕਿ ਸਾਹਿਬ ਸਿੰਘ ਪਿੰਡ ਅੱਕੂ ਮਸਤੇਕੇ ਨੇ ਸਤੰਬਰ ਮਹੀਨੇ ‘ਚ ਜ਼ਿਲ੍ਹਾ ਪੁਲਸ ਨੂੰ ਸ਼ਿਕਾਇਤ ਦੇ ਕੇ ਦੱਸਿਆ ਸੀ ਕਿ ਉਸ ਨੇ ਪ੍ਰਤਾਪ ਸਿੰਘ ਵਾਸੀ ਗੁਰੂਹਰਸਹਾਏ ਦੇ ਨਾਲ ਉਨ੍ਹਾਂ ਦੀ ਪਿੰਡ ਅੱਕੂ ਮਸਤੇਕੇ ਵਿਚ ਸਥਿਤ 12 ਕਨਾਲ 16 ਮਰਲੇ ਜ਼ਮੀਨ ਖ਼ਰੀਦਣ ਦਾ ਸੌਦਾ ਤੈਅ ਕੀਤਾ ਅਤੇ ਇਸ ਸਬੰਧੀ ਪ੍ਰਤਾਪ ਸਿੰਘ ਨੇ ਉਸਦੇ ਨਾਲ ਇਕਰਾਰਨਾਮਾ ਵੀ ਕੀਤਾ।
ਇਸ ਜ਼ਮੀਨ ਦੀ ਰਜਿਸਟਰੀ 18 ਜੁਲਾਈ ਨੂੰ ਕਰਵਾਉਣ ਤੈਅ ਕੀਤੀ ਗਈ ਪਰ ਪ੍ਰਤਾਪ ਸਿੰਘ ਨੇ ਉਸਦੇ ਨਾਮ ਰਜਿਸਟਰੀ ਕਰਨ ਦੀ ਬਜਾਏ ਉਕਤ ਜ਼ਮੀਨ ਟਰਾਂਸਫਰ ਡੀਡ ਰਾਹੀਂ ਆਪਣੇ ਲੜਕੇ ਇੰਦਰਜੀਤ ਸਿੰਘ ਦੇ ਨਾਮ ਕਰ ਦਿੱਤੀ ਅਤੇ ਉਸਦੇ ਨਾਲ ਧੋਖਾ ਕੀਤਾ ਹੈ। ਏ. ਐੱਸ. ਆਈ. ਨੇ ਦੱਸਿਆ ਕਿ ਸ਼ਿਕਾਇਤ ਦੀ ਜਾਂਚ ਵਿਚ ਦੋਸ਼ ਸਹੀ ਪਾਏ ਜਾਣ ‘ਤੇ ਉਕਤ ਦੋਹਾਂ ਦੇ ਖ਼ਿਲਾਫ਼ ਧੋਖਾਧੜੀ ਦਾ ਪਰਚਾ ਦਰਜ ਕਰ ਲਿਆ ਗਿਆ ਹੈ ਅਤੇ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ।