ਚੰਡੀਗੜ੍ਹ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਚੰਡੀਗੜ੍ਹ ਫੇਰੀ ਤੋਂ ਪਹਿਲਾਂ ਸੈਕਟਰ-26 ਸਥਿਤ ਦੋ ਕਲੱਬਾਂ ’ਚ ਦੇਸੀ ਬੰਬਾਂ ਨਾਲ ਧਮਾਕੇ ਤੋਂ ਬਾਅਦ ਪੁਲਸ ਅਲਰਟ ਹੋ ਗਈ ਹੈ। ਸੁਰੱਖਿਆ ਦੇ ਮੱਦੇਨਜ਼ਰ ਸ਼ਹਿਰ ਦੇ ਐਂਟਰੀ ਪੁਆਇੰਟਾਂ ਤੇ ਸੈਕਟਰਾਂ ’ਤੇ ਵਿਸ਼ੇਸ਼ ਨਾਕੇ ਲਾਏ ਹਨ। ਨਾਕਿਆਂ ’ਤੇ ਸਿਖਲਾਈ ਤੋਂ ਪਰਤੇ 542 ਮੁਲਾਜ਼ਮਾਂ ਦੀ ਡਿਊਟੀ ਲਾਈ ਹੈ, ਜੋ ਹਰ ਵਾਹਨ ਚਾਲਕ ਤੋਂ ਪੁੱਛਗਿੱਛ ਤੇ ਦਸਤਾਵੇਜ਼ਾਂ ਦੀ ਜਾਂਚ ਕਰਨ ’ਚ ਰੁੱਝੇ ਹੋਏ ਹਨ। ਦੂਜੇ ਪਾਸੇ ਅਧਿਕਾਰੀਆਂ ਨੇ ਪੈੱਕ ਦਾ ਦੌਰਾ ਕਰਕੇ ਹਾਲਾਤ ਦਾ ਜਾਇਜ਼ਾ ਲਿਆ। ਇਸ ਨਾਲ ਹੀ ਅਧਿਕਾਰੀ ਰੋਜ਼ ਮੀਟਿੰਗਾਂ ਕਰ ਰਹੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਤਿੰਨ ਦਸੰਬਰ ਦੇ ਦੌਰੇ ਦੇ ਮੱਦੇਨਜ਼ਰ ਜੀ.ਆਰ.ਪੀ., ਆਰ.ਪੀ.ਐੱਫ. ਤੇ ਪੁਲਸ ਨੇ ਸਟੇਸ਼ਨ ’ਤੇ ਵੀਰਵਾਰ ਨੂੰ ਤਿੰਨ ਘੰਟੇ ਸਰਚ ਅਭਿਆਨ ਚਲਾਇਆ।