ਗੁਰਦਾਸਪੁਰ (ਜੀਤ)– ਪੰਜਾਬ ’ਚ ਹੋਈਆਂ ਵਿਧਾਨ ਸਭਾ ਦੀਆਂ ਉਪ-ਚੋਣਾਂ ਦੌਰਾਨ 3 ਸੀਟਾਂ ’ਤੇ ਮਿਲੀ ਹਾਰ ਤੋਂ ਬਾਅਦ ਕਾਂਗਰਸ ’ਚ ਬਗਾਵਤ ਹੋਣ ਦੀਆਂ ਅਟਕਲਾਂ ਨੂੰ ਉਨ੍ਹਾਂ ਆਗੂਆਂ ਨੇ ਖਾਰਜ ਕਰ ਦਿੱਤਾ ਹੈ, ਜਿਨ੍ਹਾਂ ਦਾ ਨਾਂ ਪ੍ਰਧਾਨ ਰਾਜਾ ਵੜਿੰਗ ਤੇ ਇੰਚਾਰਜ ਦੇਵੇਂਦਰ ਯਾਦਵ ਖ਼ਿਲਾਫ਼ ਹਾਈਕਮਾਨ ਨੂੰ ਸ਼ਿਕਾਇਤ ਕਰਨ ਵਾਲਿਆਂ ਦੀ ਸੂਚੀ ਵਿਚ ਸ਼ਾਮਲ ਦੱਸਿਆ ਜਾ ਰਿਹਾ ਹੈ। ਇਨ੍ਹਾਂ ਵਿਚ ਡੇਰਾ ਬਾਬਾ ਨਾਨਕ ਤੋਂ ਉਪ-ਚੋਣ ਲੜਨ ਵਾਲੇ ਗੁਰਦਾਸਪੁਰ ਦੇ ਸੰਸਦ ਮੈਂਬਰ ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਇਹ ਸਰਾਸਰ ਬੇਬੁਨਿਆਦ ਪ੍ਰਚਾਰ ਹੈ, ਉਹ ਕਿਸੇ ਦੇ ਵੀ ਖਿਲਾਫ ਨਹੀਂ ਅਤੇ ਨਾ ਹੀ ਕਿਸੇ ਨੂੰ ਬਦਲਣ ਦੀ ਮੰਗ ਕਰ ਰਹੇ ਹਨ। ਉਨ੍ਹਾਂ ਇਹ ਵੀ ਸਪਸ਼ਟ ਕੀਤਾ ਕਿ ਪੰਜਾਬ ਵਿਧਾਨ ਸਭਾ ਦੀਆਂ ਉਪ-ਚੋਣਾਂ ਵਿਚ ਟਿਕਟਾਂ ਦੀ ਵੰਡ ਹਾਈਕਮਾਨ ਦੀ ਮਰਜ਼ੀ ਨਾਲ ਹੋਈ ਹੈ ਅਤੇ ਇਸ ਦੇ ਲਈ ਪਹਿਲਾਂ ਗਰਾਊਂਡ ਲੈਵਲ ’ਤੇ ਸਰਵੇ ਕਰਵਾ ਕੇ ਹੀ ਫੈਸਲਾ ਲਿਆ ਗਿਆ ਹੈ।
ਇਸੇ ਤਰ੍ਹਾਂ ਸਾਬਕਾ ਸਪੀਕਰ ਰਾਣਾ ਕੇ. ਪੀ. ਨੇ ਵੀ ਇਸ ਮਾਮਲੇ ’ਚ ਚੱਲ ਰਹੀਆਂ ਅਟਕਲਾਂ ਨੂੰ ਬੇਬੁਨਿਆਦ ਦੱਸਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ’ਚ ਪਾਰਟੀ ਪੂਰੀ ਤਰ੍ਹਾਂ ਸੰਗਠਿਤ ਹੈ ਅਤੇ ਉਹ ਰਾਜਾ ਵੜਿੰਗ ਦੇ ਨਾਲ ਹਨ।