ਦੇਸ਼ ਦੀਆਂ ਲੋਕ ਸਭਾ ਚੋਣਾਂ ਦੌਰਾਨ ਜਿੱਥੇ ਧਰਮ ਦੇ ਨਾਂ ‘ਤੇ ਵੋਟਾਂ ਮੰਗੀਆਂ ਜਾ ਰਹੀਆਂ ਹਨ ਤਾਂ ਉੱਥੇ ਹੀ ਦੂਜੇ ਪਾਸੇ ਪਾਕਿਸਤਾਨ ਨੂੰ ਲੈ ਕੇ ਕਾਫੀ ਚਰਚਾ ਹੋ ਰਹੀ ਹੈ। ਭਾਜਪਾ ਕਾਂਗਰਸ ‘ਤੇ ਪਾਕਿਸਤਾਨ ਤੋਂ ਸਮਰਥਨ ਲੈਣ ਦਾ ਦੋਸ਼ ਲਗਾ ਰਹੀ ਹੈ। ਇਸੇ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਲੋਕ ਸਭਾ ਚੋਣ ਪ੍ਰਚਾਰ ਲਈ ਬੁੱਧਵਾਰ ਨੂੰ ਪੱਛਮੀ ਬੰਗਾਲ ਪਹੁੰਚੇ। ਜਿੱਥੇ ਉਨ੍ਹਾਂ ਨੇ ਹੁਗਲੀ ‘ਚ ਇਕ ਰੈਲ੍ਹੀ ਨੂੰ ਸੰਬੋਧਨ ਕੀਤਾ। ਸੰਬੋਧਨ ਕਰਦਿਆਂ ਅਮਿਤ ਸ਼ਾਹ ਨੇ ਵਿਰੋਧੀ ਪਾਰਟੀਆਂ ‘ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਮਮਤਾ ਬੈਨਰਜੀ, ਕਾਂਗਰਸ-ਸਿੰਡੀਕੇਟ ਨੇ ਕਿਹਾ ਸੀ ਕਿ ਕਸ਼ਮੀਰ ‘ਚੋਂ ਧਾਰਾ 370 ਨਹੀਂ ਹਟਾਈ ਜਾਣੀ ਚਾਹੀਦੀ। ਜਦੋਂ ਮੈਂ ਸੰਸਦ ਵਿੱਚ ਪੁੱਛਿਆ ਕਿ ਇਸ ਨੂੰ ਕਿਉਂ ਨਹੀਂ ਹਟਾਇਆ ਜਾਵੇ ਤਾਂ ਉਨ੍ਹਾਂ ਨੇ ਕਿਹਾ ਕਿ ਖੂਨ ਦੀਆਂ ਨਦੀਆਂ ਵਹਿ ਜਾਣਗੀਆਂ।
ਇਸ ਦੇ ਨਾਲ ਹੀ ਸ਼ਾਹ ਨੇ ਕਿਹਾ ਕਿ ਧਾਰਾ 370 ਨੂੰ ਹਟਾਏ ਗਏ ਨੂੰ 5 ਸਾਲ ਹੋ ਗਏ ਹਨ। ਖੂਨ ਦੀ ਨਦੀਆਂ ਛੱਡੋ ਕਿਸੇ ਦੀ ਹਿੰਮਤ ਨਹੀਂ ਕਿ ਉਹ ਪੱਥਰ ਵੀ ਸੁੱਟ ਸਕੇ। ਜਦੋਂ ਇੰਡੀ ਗਠਜੋੜ ਸੱਤਾ ਵਿੱਚ ਸੀ ਤਾਂ ਸਾਡੇ ਕਸ਼ਮੀਰ ਵਿੱਚ ਹਮਲੇ ਹੁੰਦੇ ਸੀ ਪਰ ਅੱਜ ਪੀਓਕੇ ਵਿੱਚ ਹੜਤਾਲ ਹੈ। ਪਹਿਲਾਂ ਭਾਰਤ ਵਿੱਚ ਕਸ਼ਮੀਰ ਦੀ ਆਜ਼ਾਦੀ ਦੇ ਨਾਅਰੇ ਲਗਾਏ ਜਾਂਦੇ ਸੀ, ਪਰ ਹੁਣ ਸਿਰਫ਼ ਪੀਓਕੇ ਕਸ਼ਮੀਰ ਵਿੱਚ ਹੀ ਨਾਅਰੇ ਲੱਗਦੇ ਹਨ। ਸ਼ਾਹ ਨੇ ਇਹ ਵੀ ਕਿਹਾ ਕਿ ਰਾਹੁਲ ਗਾਂਧੀ, ਡਰਨਾ ਹੈ ਤਾਂ ਡਰੋ, ਮਮਤਾ ਬੈਨਰਜੀ ਜੇਕਰ ਡਰਨਾ ਚਾਹੁੰਦੇ ਹੋ ਤਾਂ ਡਰਦੇ ਰਹੋ। ਪਰ ਅੱਜ ਮੈਂ ਸ਼੍ਰੀਰਾਮਪੁਰ ਦੀ ਧਰਤੀ ਤੋਂ ਕਹਿੰਦਾ ਹਾਂ ਕਿ ਇਹ ਪੀਓਕੇ ਭਾਰਤ ਦਾ ਹੈ ਅਤੇ ਭਾਰਤ ਇਸ ਨੂੰ ਲੈ ਰਹੇਗਾ।