ਅੰਮ੍ਰਿਤਸਰ – ਪਾਕਿਸਤਾਨ ਤੋਂ ਭਾਰਤ ਆਏ ਇਕ ਪਾਕਿਸਤਾਨੀ ਪਰਿਵਾਰ ਦਾ ਮੁਖੀ ਅੰਮ੍ਰਿਤਸਰ ’ਚ ਭੇਦਭਰੀ ਹਾਲਤ ਵਿਚ ਲਾਪਤਾ ਹੋ ਗਿਆ ਹੈ ਜਿਸ ਨੂੰ ਲੱਭਣ ਲਈ ਪੁਲਸ ਵੀ ਪੂਰੀ ਮੁਸਤੈਦੀ ਨਾਲ ਜੁਟ ਗਈ ਹੈ। ਇਸ ਸਬੰਧ ’ਚ ਗੱਲਬਾਤ ਕਰਦਿਆਂ ਰਣਜੀਤ ਅਠਾਨੀ ਪੁੱਤਰ ਕੇਵਲ ਮੱਲ ਵਾਸੀ ਪਨੋਆਲਿਕ, ਜ਼ਿਲ੍ਹਾ ਸਖਰ, ਸਿੰਧ ਪਾਕਿਸਤਾਨ ਨੇ ਦੱਸਿਆ ਕਿ ਉਹ 27 ਨਵੰਬਰ ਨੂੰ ਪਰਿਵਾਰ ਸਮੇਤ ਵਾਹਗਾ ਬਾਰਡਰ ਰਾਹੀਂ ਅੰਮ੍ਰਿਤਸਰ ਪਹੁੰਚੇ ਸਨ ਤੇ ਰਾਤ ਵੇਲੇ ਇਕ ਹੋਟਲ ’ਚ ਰੁੱਕ ਗਏ।
ਸਵੇਰ ਹੋਣ ’ਤੇ ਉਨ੍ਹਾਂ ਦੇ ਪਿਤਾ ਕੇਵਲ ਮੱਲ ਇਕੱਲੇ ਹੀ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਲਈ ਚਲੇ ਗਏ ਪਰ ਉਹ ਹੁਣ ਤੱਕ ਵਾਪਸ ਨਹੀਂ ਪਰਤੇ। ਰਣਜੀਤ ਅਠਾਨੀ ਨੇ ਕਿਹਾ ਕਿ ਬੈਗਾਨੇ ਮੁਲਕ ’ਚ ਪਿਤਾ ਕੇਵਲ ਮੱਲ ਦੇ ਭੇਦਭਰੀ ਹਾਲਤ ’ਚ ਲਾਪਤਾ ਹੋਣ ਕਾਰਨ ਸਾਰਾ ਪਰਿਵਾਰ ਹੀ ਭਾਰੀ ਚਿੰਤਾ ਵਿਚ ਹੈ। ਉਨ੍ਹਾਂ ਕਿਹਾ ਕਿ ਕੇਵਲ ਮੱਲ ਦੇ ਭੇਦਭਰੀ ਹਾਲਤ ’ਚ ਲਾਪਤਾ ਹੋਣ ਸਬੰਧੀ ਪੁਲਸ ਥਾਣਾ ਬੀ.ਡਵੀਜਨ ਵਿਖੇ ਸਾਰੀ ਸੂਚਨਾ ਦੇ ਦਿੱਤੀ ਗਈ ਹੈ ਪਰ 2 ਦਿਨ ਲੰਘ ਜਾਣ ਦੇ ਬਾਵਜੂਦ ਵੀ ਪੁਲਸ ਉਨਾ ਦੇ ਪਿਤਾ ਕੇਵਲ ਮੱਲ ਬਾਰੇ ਕੋਈ ਥਹੁ ਪਤਾ ਨਹੀਂ ਲਗਾ ਸਕੀ।
ਇਸ ਸਬੰਧ ’ਚ ਪੁਲਸ ਥਾਣਾ ਬੀ.ਡਵੀਜਨ ਦੇ ਜਾਂਚ ਅਧਿਕਾਰੀ ਰਾਮਪਾਲ ਨਾਲ ਜਦੋਂ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਪਾਕਿਸਤਾਨੀ ਨਾਗਰਿਕ ਦੀ ਪੂਰੀ ਮੁਸਤੈਦੀ ਨਾਲ ਭਾਲ ਕੀਤੀ ਜਾ ਰਹੀ ਪਰ ਅਜੇ ਤੱਕ ਉਸ ਦੇ ਬਾਰੇ ’ਚ ਕੋਈ ਸੁਰਾਗ ਨਹੀਂ ਮਿਲ ਸਕਿਆ।