ਲੋਕ ਸਭਾ ਚੌਣਾਂ ਚ ਪ੍ਰਚਾਰ ਦੇ ਚੱਲਦੇ ਕਾਂਗਰਸ ਪਾਰਟੀ ਦੇ ਨੇਤਾਵਾਂ ਵੱਲੋਂ ਵਿਰੋਧੀ ਧਿਰ ਭਾਜਪਾ ਤੇ ਦੇਸ਼ ਦੇ ਸੰਵਿਧਾਨ ਨੂੰ ਖ਼ਤਮ ਕਰਨ ਦੇ ਦੋਸ਼ ਲਗਾਏ ਜਾ ਰਹੇ ਹਨ। ਕਾਂਗਰਸ ਪਾਰਟੀ ਦਾ ਕਹਿਣਾ ਹੈ ਕਿ ਜੇਕਰ ਭਾਜਪਾ ਸੱਤਾ ਵਿੱਚ ਦੁਬਾਰਾ ਆਈ ਤਾਂ ਉਹ ਸੰਵਿਧਾਨ ਨੂੰ ਬਦਲ ਦੇਣਗੇ ਅਤੇ ਐੱਸਸੀ, ਐੱਸਟੀ ਅਤੇ ਦਲਿਤਾਂ ਤੇ ਪਿਛੜਿਆਂ ਤੋਂ ਰਾਖਵਾਂਕਰਨ ਦਾ ਅਧਿਕਾਰ ਖੋਹ ਲੈਣਗੇ। ਇਸੇ ਤਰ੍ਹਾਂ ਬੁੱਧਵਾਰ ਨੂੰ ਓਡੀਸ਼ਾ ’ਚ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਭਾਜਪਾ ’ਤੇ ਲਗਾਏ ਜਾ ਰਹੇ ਇਲਜ਼ਾਮ ਇੱਕ ਵਾਰ ਫਿਰ ਦੌਹਰਾਏ। ਬਲਾਂਗੀਰ ਦੀ ਇਕ ਰੈਲ੍ਹੀ ’ਚ ਸੰਬੋਧਨ ਕਰਦੇ ਹੋਏ ਰਾਹੁਲ ਗਾਂਧੀ ਨੇ ਕਿਹਾ ਕਿ ਭਾਜਪਾ ਨੇਤਾ ਦਾਅਵਾ ਕਰ ਰਹੇ ਹਨ ਕਿ ਜੇਕਰ ਉਹ ਲੋਕ ਸਭਾ ਚੋਣਾਂ ਜਿੱਤ ਗਏ ਤਾਂ ਉਹ ਇਸ ਕਿਤਾਬ (ਸੰਵਿਧਾਨ) ਨੂੰ ਪਾੜ ਸੁਟਣਗੇ। ਮੈਂ ਭਾਜਪਾ ਨੇਤਾਵਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਭਾਜਪਾ ਜਾਂ ਨਰਿੰਦਰ ਮੋਦੀ ਨੂੰ ਤਾਂ ਛੱਡੋ, ਦੁਨੀਆਂ ਦੀ ਕੋਈ ਵੀ ਤਾਕਤ ਸੰਵਿਧਾਨ ਨੂੰ ਛੂਹ ਨਹੀਂ ਸਕਦੀ।
ਇਸ ਦੇ ਨਾਲ ਹੀ ਰਾਹੁਲ ਗਾਂਧੀ ਨੇ ਕਿਹਾ ਕਿ ਜੇਕਰ ਉਹ (ਭਾਜਪਾ) ਸੰਵਿਧਾਨ ਨੂੰ ਤੋੜਨ ਦੀ ਕੋਸ਼ਿਸ਼ ਕਰਦੀ ਹੈ ਤਾਂ ਦੇਖਦੇ ਹਾਂ ਕਿ ਇਹ ਦੇਸ਼ ਅਤੇ ਕਾਂਗਰਸ ਪਾਰਟੀ ਉਨ੍ਹਾਂ ਦਾ ਕੀ ਹਾਲ ਕਰਦੀ ਹੈ। ਭਾਰਤ ਦੇ ਗਰੀਬਾਂ, ਪਿਛੜਿਆਂ, ਦਲਿਤਾਂ, ਆਦਿਵਾਸੀਆਂ ਅਤੇ ਘੱਟ ਗਿਣਤੀਆਂ ਨੂੰ ਜੋ ਵੀ ਅਧਿਕਾਰ ਮਿਲੇ ਹਨ, ਉਹ ਸੰਵਿਧਾਨ ਤੋਂ ਮਿਲੇ ਹਨ। ਭਾਜਪਾ ਦੇ ਪ੍ਰਧਾਨ ਮੰਤਰੀ ਇੰਨ੍ਹਾਂ ਅਧਿਕਾਰਾਂ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। 2024 ਦੀ ਲੋਕ ਸਭਾ ਚੋਣ ਲੜਾਈ, ਦੋ ਪਾਰਟੀਆਂ ਜਾਂ ਲੋਕਾਂ ਵਿਚਾਲੇ ਨਹੀਂ ਬਲਕਿ ਵਿਚਾਰਧਾਰਾਵਾਂ ਦੀ ਲੜਾਈ ਹੈ।