ਫਿਰੋਜ਼ਪੁਰ/ਗੁਰੂਹਰਸਹਾਏ – ਗੁਰੂਹਰਸਹਾਏ ਵਿਖੇ ਮੰਦਭਾਗੀ ਘਟਨਾ ਵਾਪਰਨ ਦੀ ਖ਼ਬਰ ਮਿਲੀ ਹੈ। ਮਿਲੀ ਜਾਣਕਾਰੀ ਮੁਤਾਬਕ ਇਥੇ ਇਕ ਮਕਾਨ ਦੀ ਛੱਤ ’ਤੇ ਖੇਡ ਰਹੇ ਢਾਈ ਸਾਲਾ ਮਾਸੂਮ ਬੱਚੇ ਦੀ ਛੱਤ ਤੋਂ ਡਿੱਗਣ ਕਾਰਨ ਮੌਤ ਹੋ ਗਈ। ਜਾਣਕਾਰੀ ਮੁਤਾਬਕ ਗੁਰੂਹਰਸਹਾਏ ਵਿਖੇ ਦੇ ਰਹਿਣ ਵਾਲੇ ਅਸ਼ੋਕ ਕੁਮਾਰ ਮੋਂਗਾ ਦਾ ਪੋਤਰਾ ਰਿਵਾਨ ਮੋਂਗਾ ਮਕਾਨ ਦੀ ਛੱਤ ’ਤੇ ਖੇਡ ਰਿਹਾ ਸੀ ਅਤੇ ਖੇਡਦੇ ਸਮੇਂ ਅਚਾਨਕ ਹੀ ਛੱਤ ਤੋਂ ਹੇਠਾਂ ਡਿੱਗ ਗਿਆ, ਜਿਸ ਕਾਰਨ ਉਸ ਦੀ ਦਰਦਨਾਕ ਮੌਤ ਹੋ ਗਈ। ਬੱਚੇ ਦੀ ਮੌਤ ਦੀ ਖ਼ਬਰ ਸੁਣਦੇ ਹੀ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਪਈ।
ਇਹ ਉਕਤ ਘਟਨਾ ਸ਼ਹਿਰ ਦੇ ਮੇਨ ਬਾਜ਼ਾਰ ਦੇ ਨਾਲ ਲੱਗਦੀ ਗਲੀ ਵਿਚ ਵਾਪਰੀ। ਬੀਤੀ ਸ਼ਾਮ ਜਦੋਂ ਬੱਚਾ ਛੱਤ ਤੋਂ ਹੇਠਾਂ ਡਿੱਗਿਆ ਤਾਂ ਗਲੀ ਵਿਚ ਹੀ ਖੜ੍ਹੇ ਬੱਚੇ ਦੇ ਦਾਦਾ ਜੀ ਅਸ਼ੋਕ ਮੋਂਗਾ (ਕਸ਼ਮੀਰੀ ਮੁਨਿਹਾਰੀ ਵਾਲੇ) ਵੱਲੋਂ ਅਤੇ ਪਰਿਵਾਰਿਕ ਮੈਂਬਰਾਂ ਵੱਲੋਂ ਉਸ ਨੂੰ ਤੁਰੰਤ ਫਿਰੋਜਪੁਰ ਸ਼ਹਿਰ ਦੇ ਨਿੱਜੀ ਹਸਪਤਾਲ ਵਿੱਚ ਇਲਾਜ ਲਈ ਦਾਖ਼ਲ ਕਰਾਇਆ ਗਿਆ। ਇਲਾਜ ਦੌਰਾਨ ਅੱਜ ਬੱਚੇ ਦੀ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੋਇਆ ਪਿਆ ਹੈ।