ਲੁਧਿਆਣਾ : ਅੱਤਵਾਦੀਆਂ ਦੀ ਫਿਰ ਤੋਂ ਪੰਜਾਬ ਦੇ ਪੁਲਸ ਥਾਣਿਆਂ ’ਤੇ ਨਜ਼ਰ ਹੈ। ਕੁਝ ਦਿਨ ਪਹਿਲਾਂ ਅਜਨਾਲਾ ਸਥਿਤ ਥਾਣੇ ’ਚ ਆਈ.ਈ.ਡੀ. ਧਮਾਕਾ ਕਰਨ ਦਾ ਯਤਨ ਨਾਕਾਮ ਰਹਿਣ ਤੋਂ ਬਾਅਦ ਅੱਤਵਾਦੀਆਂ ਨੇ ਅੰਮ੍ਰਿਤਸਰ ਦੇ ਗੁਰਬਖਸ਼ ਨਗਰ ਇਲਾਕੇ ਦੀ ਪੁਲਸ ਚੌਕੀ ’ਤੇ ਹੈਂਡ ਗ੍ਰਨੇਡ ਨਾਲ ਹਮਲਾ ਕਰ ਦਿੱਤਾ। ਗਨੀਮਤ ਇਹ ਰਹੀ ਕਿ ਉਕਤ ਪੁਲਸ ਚੌਕੀ ਸਿਫ਼ਟ ਹੋ ਚੁੱਕੀ ਸੀ ਜੋ ਕਾਫੀ ਸਮੇਂ ਤੋਂ ਬੰਦ ਪਈ ਸੀ। ਇਸੇ ਲਈ ਕਿਸੇ ਤਰ੍ਹਾਂ ਦਾ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ। ਧਮਾਕੇ ਕਾਰਨ ਆਸ-ਪਾਸ ਦੇ ਇਲਾਕੇ ਵਿਚ ਦਹਿਸ਼ਤ ਫੈਲ ਗਈ। ਹਾਲਾਂਕਿ ਗੈਂਗਸਟਰ ਤੋਂ ਅੱਤਵਾਦੀ ਬਣੇ ਹੈਪੀ ਪਰਸ਼ੀਆਂ ਨੇ ਅੱਤਵਾਦੀ ਜਥੇਬੰਦੀ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਨਾਮ ’ਤੇ ਸੋਸ਼ਲ ਪੇਜ ’ਤੇ ਪੋਸਟ ਪਾ ਕੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ ਜੋ ਕਿ ਪੁਲਸ ਜਾਂਚ ਦਾ ਵਿਸ਼ਾ ਹੈ ਪਰ ਅਜਨਾਲਾ ਅਤੇ ਅੰਮ੍ਰਿਤਸਰ ਵਿਚ ਹੋਏ ਦੋਵੇਂ ਹਮਲਿਆਂ ਵਿਚ ਪੰਜਾਬ ਦੇ ਥਾਣੇ-ਚੌਕੀਆਂ ’ਤੇ ਹਮਲੇ ਦਾ ਡਰ ਪੈਦਾ ਕਰ ਦਿੱਤਾ ਹੈ।
ਇਸ ਵਿਚ ਹਾਈਵੇਅ ’ਤੇ ਬਣੇ ਥਾਣੇ ਅਤੇ ਚੌਕੀਆਂ ਦੀ ਪੁਲਸ ਨੂੰ ਚੌਕਸ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਹਾਈਵੇ ’ਤੇ ਬਣੇ ਥਾਣੇ-ਚੌਕੀਆਂ ਹਮਲਾਵਰਾਂ ਦਾ ਹਮੇਸ਼ਾ ਤੋਂ ਸਾਫਟ ਟਾਰਗੇਟ ਰਹੇ ਹਨ, ਜਦੋਂਕਿ ਦੋ ਸਾਲ ਪਹਿਲਾਂ ਤਰਨਤਾਰਨ ਤੇ ਮੋਹਾਲੀ ਪੁਲਸ ਹੈੱਡਕਵਾਟਰ ’ਤੇ ਹੋਏ ਹਮਲੇ ਤੋਂ ਬਾਅਦ ਥਾਣਿਆਂ ਦੇ ਬਾਹਰ ਬੋਰੀਆਂ ਲਗਾ ਕੇ ਬੰਕਰ ਬਣਾਏ ਸਨ ਅਤੇ ਗ੍ਰੀਨ ਰੰਗ ਦੀਆਂ ਜਾਲੀਆਂ ਥਾਣਿਆਂ ਦੇ ਬਾਹਰ ਲਗਾਈਆਂ ਗਈਆਂ ਸਨ ਤਾਂਕਿ ਕੋਈ ਵੀ ਸ਼ਖਸ ਕਿਸੇ ਵੀ ਤਰ੍ਹਾਂ ਦੀ ਚੀਜ਼ ਸੁੱਟਣ ਵਿਚ ਕਾਮਯਾਬ ਨਾ ਹੋਵੇ। ਸ਼ਨੀਵਾਰ ਨੂੰ ਜਦੋਂ ਜਗ ਬਾਣੀ ਦੀ ਟੀਮ ਨੇ ਲੁਧਿਆਣਾ ਕਮਿਸ਼ਨਰੇਟ ਦੇ ਤਹਿਤ ਹਾਈਵੇਅ ’ਤੇ ਬਣੇ ਚੌਕੀ-ਥਾਣਿਆਂ ਦਾ ਜਾਇਜ਼ਾ ਲਿਆ ਤਾਂ ਉਥੇ ਸੁਰੱਖਿਆ ਦੇ ਕੋਈ ਪੁਖਤਾ ਪ੍ਰਬੰਧ ਨਹੀਂ ਸਨ। ਕਿਸੇ ਵੀ ਥਾਣੇ ਜਾਂ ਚੌਕੀ ਦੇ ਬਾਹਰ ਕੋਈ ਸੁਰੱਖਿਆ ਮੁਲਾਜ਼ਮ ਨਹੀਂ ਸੀ, ਨਾ ਹੀ ਬੰਕਰ ਅਤੇ ਨਾ ਹੀ ਗ੍ਰੀਨ ਰੰਗ ਦੀ ਜਾਲੀ ਲੱਗੀ ਹੋਈ ਸੀ। ਅਜਿਹੇ ਹਮਲਿਆਂ ਤੋਂ ਬਾਅਦ ਲੁਧਿਆਣਾ ਕਮਿਸ਼ਨਰੇਟ ਪੁਲਸ ਨੂੰ ਵੀ ਚੌਕਸ ਹੋਣ ਦੀ ਲੋੜ ਹੈ।