ਸਿਰਸਾ- ਸਿਰਸਾ ਇਲਾਕੇ ਦੇ ਪ੍ਰਮੁੱਖ ਸਿੱਖ ਧਰਮ ਪ੍ਰਚਾਰ ਦੇ ਕੇਂਦਰ ਗੁਰਦੁਆਰਾ ਗੁਰੂ ਗ੍ਰੰਥਸਰ ਦਾਦੂ ਸਾਹਿਬ ਵਿਖੇ ਡੇਰਾ ਬਿਆਸ ਮੁਖੀ ਸੰਤ ਬਾਬਾ ਗੁਰਿੰਦਰ ਸਿੰਘ ਢਿੱਲੋਂ ਅਤੇ ਉਨ੍ਹਾਂ ਦੇ ਉੱਤਰਾਧਿਕਾਰੀ ਬਾਬਾ ਜਸਦੀਪ ਸਿੰਘ ਗਿੱਲ ਨੇ ਸ਼ਰਧਾ ਸਤਿਕਾਰ ਸਹਿਤ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਿਆ ਅਤੇ ਸੰਗਤਾਂ ਦੇ ਦਰਸ਼ਨ ਦੀਦਾਰ ਕੀਤੇ। ਜ਼ਿਕਰਯੋਗ ਹੈ ਕਿ ਗੁਰਦੁਆਰਾ ਗੁਰੂ ਗ੍ਰੰਥਸਰ ਦਾਦੂ ਸਾਹਿਬ ਪੰਥ ਪ੍ਰਸਿੱਧ ਸਿੱਖ ਪ੍ਰਚਾਰਕ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਜੀ ਚੇਅਰਮੈਨ ਧਰਮ ਪ੍ਰਚਾਰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੁੱਖ ਅਸਥਾਨ ਹੈ, ਜਿੱਥੋਂ ਜਥੇਦਾਰ ਦਾਦੂਵਾਲ ਜੀ 1996 ਤੋਂ ਲਗਾਤਾਰ ਦੁਨੀਆ ਭਰ ਵਿੱਚ ਗੁਰਬਾਣੀ ਦਾ ਪ੍ਰਚਾਰ-ਪ੍ਰਸਾਰ ਤੇ ਅੰਮ੍ਰਿਤ ਸੰਚਾਰ ਕਰ ਰਹੇ ਹਨ।
ਇਸ ਤੋਂ ਪਹਿਲਾਂ ਵੀ ਡੇਰਾ ਬਿਆਸ ਮੁਖੀ ਕਈ ਵਾਰ ਗੁਰਦੁਆਰਾ ਦਾਦੂ ਸਾਹਿਬ ਵਿਖੇ ਪੁੱਜ ਕੇ ਮੱਥਾ ਟੇਕ ਸੰਗਤਾਂ ਦੇ ਦਰਸ਼ਨ ਦੀਦਾਰੇ ਕਰ ਚੁੱਕੇ ਹਨ। ਡੇਰਾ ਬਿਆਸ ਮੁਖੀ ਸੰਤ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੇ ਦੁਨੀਆਂ ਭਰ ਵਿੱਚ ਕਰੋੜਾਂ ਸ਼ਰਧਾਲੂ ਹਨ ਜੋ ਉਨ੍ਹਾਂ ਦੇ ਵਿਚਾਰਾਂ ‘ਚ ਬਹੁਤ ਆਸਥਾ ਰੱਖਦੇ ਹਨ।
ਇਸ ਮੌਕੇ ਸੰਤ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੇ ਨਾਲ ਉਨ੍ਹਾਂ ਵੱਲੋਂ ਆਪਣੀ ਸੰਸਥਾ ਦੇ ਅਗਲੇ ਥਾਪੇ ਮੁਖੀ ਬਾਬਾ ਜਸਦੀਪ ਸਿੰਘ ਗਿੱਲ ਵੀ ਮੌਜੂਦ ਸਨ। ਸੰਤ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਜਥੇਦਾਰ ਦਾਦੂਵਾਲ ਜੀ ਦੇ ਨਾਲ ਲੰਗਰ-ਪ੍ਰਸ਼ਾਦਾ ਪਾਣੀ ਛਕਿਆ ਅਤੇ ਉਨਾਂ ਦੇ ਸਪੁੱਤਰਾਂ ਭਾਈ ਗੁਰਪ੍ਰਕਾਸ਼ ਸਿੰਘ, ਭਾਈ ਕੁਰਬਾਨ ਸਿੰਘ, ਭਾਈ ਕਿਆਮਤ ਸਿੰਘ ਤੇ ਭਾਈ ਅਰਸ਼ਦੀਪ ਸਿੰਘ ਨਾਲ ਵਿਸ਼ੇਸ਼ ਮੁਲਾਕਾਤ ਕੀਤੀ। ਇਸ ਸਮੇਂ ਇਲਾਕੇ ਦੇ ਸੰਤ ਬਰਿੰਦਰ ਸਿੰਘ ਜਗਮਾਲਵਾਲੀ, ਪ੍ਰਸਿੱਧ ਸੂਫੀ ਗਾਇਕ ਸ਼ਮਸ਼ੇਰ ਸਿੰਘ ਲਹਿਰੀ ਵੀ ਹਾਜ਼ਰ ਸਨ।