ਢਾਕਾ – ਬੰਗਲਾਦੇਸ਼ ਹਾਈ ਕੋਰਟ ਵਿਚ ਇਕ ਰਿੱਟ ਪਟੀਸ਼ਨ ਦਾਇਰ ਕੀਤੀ ਗਈ ਹੈ, ਜਿਸ ਵਿਚ ਭੜਕਾਊ ਖਬਰਾਂ ਦੇ ਪ੍ਰਸਾਰਣ ਦਾ ਹਵਾਲਾ ਦਿੰਦੇ ਹੋਏ ਦੇਸ਼ ਵਿਚ ਸਾਰੇ ਭਾਰਤੀ ਟੀਵੀ ਚੈਨਲਾਂ ‘ਤੇ ਪਾਬੰਦੀ ਲਗਾਉਣ ਦੀ ਬੇਨਤੀ ਕੀਤੀ ਗਈ ਹੈ। ਇਹ ਜਾਣਕਾਰੀ ਇਕ ਖਬਰ ‘ਚ ਦਿੱਤੀ ਗਈ ਹੈ। ‘ਢਾਕਾ ਟ੍ਰਿਬਿਊਨ’ ਦੀ ਖ਼ਬਰ ਮੁਤਾਬਕ ਵਕੀਲ ਇਖ਼ਲਾਸ ਉੱਦੀਨ ਭੂਈਆਂ ਨੇ ਇਸ ਸਬੰਧੀ ਪਟੀਸ਼ਨ ਦਾਇਰ ਕੀਤੀ ਹੈ ਅਤੇ ਉਨ੍ਹਾਂ ਨੇ ਸੋਮਵਾਰ ਨੂੰ ਇਸ ਦੀ ਪੁਸ਼ਟੀ ਕੀਤੀ ਹੈ। ਭੂਈਆਂ ਨੇ ਕਿਹਾ ਕਿ ਜਸਟਿਸ ਫਾਤਿਮਾ ਨਜੀਬ ਅਤੇ ਜਸਟਿਸ ਸਿਕਦਰ ਮਹਿਮੂਦੁਰ ਰਾਜ਼ੀ ਦੀ ਬੈਂਚ ਇਸ ਮਾਮਲੇ ਦੀ ਸੁਣਵਾਈ ਕਰ ਸਕਦੀ ਹੈ। ਖਬਰ ਵਿਚ ਕਿਹਾ ਗਿਆ ਹੈ ਕਿ ‘ਕੇਬਲ ਟੈਲੀਵਿਜ਼ਨ ਨੈੱਟਵਰਕ ਆਪ੍ਰੇਸ਼ਨ ਐਕਟ 2006’ ਦੀ ਧਾਰਾ 29 ਦੇ ਤਹਿਤ ਬੰਗਲਾਦੇਸ਼ ਵਿਚ ਸਾਰੇ ਭਾਰਤੀ ਟੀਵੀ ਚੈਨਲਾਂ ਦੇ ਪ੍ਰਸਾਰਣ ‘ਤੇ ਪਾਬੰਦੀ ਲਗਾਉਣ ਦੇ ਨਿਰਦੇਸ਼ ਦੇਣ ਦੀ ਬੇਨਤੀ ਕਰਦੇ ਹੋਏ ਹਾਈ ਕੋਰਟ ਵਿਚ ਇਕ ਰਿੱਟ ਪਟੀਸ਼ਨ ਦਾਇਰ ਕੀਤੀ ਗਈ ਹੈ।
ਖਬਰ ਵਿਚ ਦੱਸਿਆ ਗਿਆ ਹੈ ਕਿ ‘ਸਟਾਰ ਜਲਸਾ’, ‘ਸਟਾਰ ਪਲੱਸ’, ‘ਜ਼ੀ ਬੰਗਲਾ’, ‘ਰਿਪਬਲਿਕ ਬੰਗਲਾ’ ਅਤੇ ਹੋਰ ਸਾਰੇ ਭਾਰਤੀ ਟੀਵੀ ਚੈਨਲਾਂ ‘ਤੇ ਪਾਬੰਦੀ ਲਗਾਉਣ ਦੀ ਬੇਨਤੀ ਕੀਤੀ ਗਈ ਹੈ। ਇਸ ਅਨੁਸਾਰ ਪਟੀਸ਼ਨ ਵਿਚ ਦੋਸ਼ ਲਾਇਆ ਗਿਆ ਹੈ ਕਿ ਭਾਰਤੀ ਚੈਨਲਾਂ ‘ਤੇ ਭੜਕਾਊ ਖ਼ਬਰਾਂ ਪ੍ਰਸਾਰਿਤ ਕੀਤੀਆਂ ਜਾ ਰਹੀਆਂ ਹਨ ਅਤੇ ਬੰਗਲਾਦੇਸ਼ੀ ਸੱਭਿਆਚਾਰ ਦਾ ਵਿਰੋਧ ਕਰਨ ਵਾਲੀ ਸਮੱਗਰੀ ਦੇ ਬੇਕਾਬੂ ਪ੍ਰਸਾਰਣ ਦਾ ਨੌਜਵਾਨਾਂ ‘ਤੇ ਬੁਰਾ ਪ੍ਰਭਾਵ ਪੈ ਰਿਹਾ ਹੈ। ਦਾਅਵਾ ਕੀਤਾ ਗਿਆ ਕਿ ਇਹ ਚੈਨਲ ਕਿਸੇ ਨਿਯਮਾਂ ਦੀ ਪਾਲਣਾ ਨਹੀਂ ਕਰ ਰਹੇ ਹਨ।