ਕਪੂਰਥਾਲਾ – ਖੂਨ ਦੇ ਰਿਸ਼ਤੇ ਨੂੰ ਤਾਰ-ਤਾਰ ਕਰਦਿਆਂ ਹੋਇਆ ਇਕ ਕਤਲ ਦੇ ਮਾਮਲੇ ਨੂੰ ਕਪੂਰਥਲਾ ਪੁਲਸ ਨੇ ਬੇਨਕਾਬ ਕੀਤਾ ਹੈ। ਇਸ ਮਾਮਲੇ ‘ਚ ਇੱਕ ਪੁੱਤ ਨੇ ਬੇਦਖਲੀ ਅਤੇ ਘਰੋਂ ਕੱਢੇ ਜਾਣ ਦੇ ਡਰ ਕਾਰਨ ਅਤੇ ਪਿਤਾ ਦੀ ਜਾਇਦਾਦ ਨੂੰ ਹੜੱਪਣ ਦੇ ਮਕਸਦ ਨਾਲ ਆਪਣੇ ਤਿੰਨ ਸਾਥੀਆਂ ਨੂੰ 4 ਲੱਖ ਰੁਪਏ ਦਾ ਲਾਲਚ ਦੇ ਕੇ ਆਪਣੇ ਹੀ ਪਿਤਾ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰਵਾਇਆ ਸੀ।ਘਟਨਾ 1 ਦਸੰਬਰ ਰਾਤ 10 ਵਜੇ ਦੀ ਹੈ ਜਿਸ ‘ਚ ਉਸੇ ਪੁੱਤ ਵੱਲੋਂ ਪਿਤਾ ਦਾ ਕਤਲ ਕਰਵਾਉਣ ਤੋਂ ਬਾਅਦ ਉਸ ਨੇ ਖੁਦ ਹੀ ਪੁਲਸ ਨੂੰ ਜਾਣਕਾਰੀ ਦਿੱਤੀ ਕਿ ਉਸਦੇ ਪਿਓ ਦਾ ਕਿਸੇ ਨੇ ਕਤਲ ਕਰ ਦਿੱਤਾ ਹੈ ਅਤੇ ਲਾਸ਼ ਕਪੂਰਥਲਾ ਸੁਤਾਨਪੁਰ ਰੋਡ ਦੇ ਪਿੰਡ ਸੇਦੋ ਭੁਲਾਣਾ ਦੇ ਨੇੜੇ ਇਕ ਪਲਾਟ ਵਿੱਚ ਪਈ ਹੈ।
ਜਿਸ ‘ਤੇ ਪੁਲਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਥਾਣਾ ਸਦਰ ‘ਚ ਕੇਸ ਦਰਜ ਕੀਤਾ ਪਰ ਮੁਢਲੀ ਤਫ਼ਤੀਸ਼ ਦੌਰਾਨ ਮ੍ਰਿਤਕ ਵਿਅਕਤੀ ਦੇ ਪੁੱਤਰ ਵੱਲੋਂ ਦਿੱਤੇ ਗਏ ਬਿਆਨ ਘਟਨਾ ਨਾਲ ਮੇਲ ਨਹੀਂ ਖਾ ਰਹੇ ਸਨ ਜਿਸ ਦੀ ਡੁੰਗਾਈ ਨਾਲ ਤਫ਼ਤੀਸ਼ ਕਰਨ ‘ਤੇ ਪਤਾ ਲੱਗਾ ਉਸ ਨੇ ਹੀ ਆਪਣੇ ਤਿੰਨ ਜਾਣਕਾਰ ਸਾਥੀਆਂ ਨਾਲ ਮਿਲ ਕੇ ਆਪਣੇ ਪਿਓ ਦਾ ਕਤਲ ਕਰਵਾਇਆ ਹੈ।
ਇਸ ਦੇ ਪੁਲਸ ਨੇ ਮ੍ਰਿਤਕ ਵਿਅਕਤੀ ਦੇ ਮੁੰਡੇ ਅਤੇ ਉਸ ਦੇ ਤਿੰਨ ਸਾਥੀਆਂ ਖ਼ਿਲਾਫ਼ ਕੇਸ ਦਰਜ ਕਰਕੇ ਮ੍ਰਿਤਕ ਵਿਅਕਤੀ ਸੂਰਜ ਕੁਮਾਰ ਵਾਸੀ ਅਮਰੀਕ ਨਗਰ ਸੈਦੋ ਭੁਲਾਣਾ ਦੇ ਪੁੱਤਰ ਕਰਨ ਕੁਮਾਰ ਤੇ ਉਸ ਦੇ ਹੋਰ ਸਾਥੀ ਤਰਸੇਮ ਲਾਲ ਉਰਫ ਬਿੱਲਾ ਪੁੱਤਰ ਮੰਗਾ ਵਾਸੀ ਸਰਦੁੱਲਾਪੁਰ, ਮੰਗਤ ਰਾਮ ਉਰਫ ਗੋਲੀ ਪੁੱਤਰ ਸੁਖਦੇਵ ਸਿੰਘ ਵਾਸੀ ਮੁਹੱਲਾ ਉੱਚਾ ਧੋੜਾ ਅਤੇ ਹਰਜਿੰਦਰ ਸਿੰਘ ਉਰਫ ਜਿੰਦਰ ਪੁੱਤਰ ਮੁਲਖ ਰਾਜ ਵਾਸੀ ਬੂਸੋਵਾਲ ਨੂੰ ਕਾਬੂ ਕਰਕੇ ਇਨ੍ਹਾਂ ਪਾਸੋਂ ਵਾਰਦਾਤ ਲਈ ਵਰਤਿਆ ਗਿਆ ਦਾਤਰ ਤੇ ਮੋਟਰਸਾਈਕਲ ਵੀ ਬਰਾਮਦ ਕਰ ਲਿਆ ਹੈ।