ਬੇਗੋਵਾਲ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਸੇਵਾ ਕਰ ਰਹੇ ਸੁਖਬੀਰ ਸਿੰਘ ਬਾਦਲ ‘ਤੇ ਗੋਲ਼ੀ ਚਲਾਉਣ ਦੀ ਘਟਨਾ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ। ਬੀਬੀ ਜਗੀਰ ਕੌਰ ਨੇ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਸੰਗਤਾਂ ਦਾ ਮੁਕੱਦਸ ਅਸਥਾਨ ਹੈ। ਇਥੇ ਅਜਿਹੀ ਘਟਨਾ ਵਾਪਰਨੀ ਨਹੀਂ ਸੀ ਚਾਹੀਦੀ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਜੁਡੀਸ਼ੀਅਲ ਜਾਂਚ ਕਰਵਾਈ ਜਾਵੇ।
ਜ਼ਿਕਰਯੋਗ ਹੈ ਕਿ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਮਿਲੀ ਸਜ਼ਾ ਨਿਭਾਅ ਰਹੇ ਸੁਖਬੀਰ ਸਿੰਘ ਬਾਦਲ ‘ਤੇ ਗੋਲ਼ੀ ਚਲਾ ਕੇ ਕਾਤਲਾਨਾ ਹਮਲਾ ਕੀਤਾ ਗਿਆ। ਇਹ ਹਮਲਾ ਉਦੋਂ ਹੋਇਆ ਜਦੋਂ ਸੁਖਬੀਰ ਬਾਦਲ ਸ੍ਰੀ ਦਰਬਾਰ ਸਾਹਿਬ ਦੀ ਦਰਸ਼ਨੀ ਡਿਓੜੀ ਵਿਖੇ ਸੇਵਾਦਾਰ ਦੀ ਡਿਊਟੀ ਨਿਭਾਅ ਰਹੇ ਸਨ। ਉਨ੍ਹਾਂ ਦੇ ਆਲੇ-ਦੁਆਲੇ ਸੇਵਾਦਾਰ ਅਤੇ ਅੰਗ ਰੱਖਿਅਕ ਮੌਜੂਦ ਸਨ। ਸਾਰੀ ਸੰਗਤ ਸ੍ਰੀ ਦਰਬਾਰ ਸਾਹਿਬ ਜਾ ਰਹੀ ਸੀ, ਇਸ ਦੌਰਾਨ ਭੂਰੇ ਰੰਗ ਦੀ ਜੈਕੇਟ, ਮੂੰਗੀਆ ਪੈਂਟ ਅਤੇ ਨੀਲੀ ਪੱਗੜੀ ਧਾਰੀ ਅੱਧਖੜ ਉਮਰ ਦਾ ਸ਼ਖ਼ਸ ਉਥੇ ਆਇਆ। ਉਸ ਨੇ ਸੁਖਬੀਰ ਬਾਦਲ ਨੂੰ ਵੇਖਦੇ ਹੀ ਅਚਾਨਕ ਕਦਮ ਹੌਲੀ ਕਰ ਲਏ। ਹਮਲਾਵਰ ਸੁਖਬੀਰ ਤੋਂ ਸਿਰਫ਼ ਤਿੰਨ ਕਦਮਾਂ ਦੀ ਦੂਰੀ ‘ਤੇ ਸੀ। ਉਸ ਦੀ ਇਸ ਹਰਕਤ ‘ਤੇ ਸਕਿਓਰਿਟੀ ਗਾਰਡ ਦੀ ਵੀ ਨਜ਼ਰ ਸੀ। ਅਚਾਨਕ ਉਸ ਨੇ ਜੇਬ੍ਹ ਵਿਚੋਂ ਪਿਸਤੌਲ ਕੱਢੀ ਅਤੇ ਸੁਖਬੀਰ ਬਾਦਲ ਵੱਲ ਕਰਕੇ ਗੋਲ਼ੀ ਚਲਾਉਣ ਦੀ ਕੋਸ਼ਿਸ਼ ਕੀਤੀ।