ਨੈਸ਼ਨਲ – ਯਾਤਰੀਆਂ ਨਾਲ ਭਰੀ ਇਕ ਇਟਰਗਾ ਕਾਰ ਦੇ ਦਰੱਖਤ ਨਾਲ ਟਕਰਾ ਕੇ ਖੱਡ ‘ਚ ਡਿੱਗਣ ਕਾਰਨ 6 ਲੋਕਾਂ ਦੀ ਮੌਤ ਹੋ ਗਈ ਅਤੇ ਚਾਰ ਹੋਰ ਜ਼ਖਮੀ ਹੋ ਗਏ। ਇਹ ਹਾਦਸਾ ਉੱਤਰ ਪ੍ਰਦੇਸ਼ ‘ਚ ਪੀਲੀਭੀਤ ਜ਼ਿਲ੍ਹੇ ਦੇ ਨਿਊਰੀਆ ਥਾਣਾ ਖੇਤਰ ‘ਚ ਵਾਪਰਿਆ। ਹਾਦਸੇ ‘ਤੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਦੁਖੀ ਪਰਿਵਾਰ ਦੇ ਮੈਂਬਰਾਂ ਨਾਲ ਹਮਦਰਦੀ ਪ੍ਰਗਟ ਕੀਤੀ ਹੈ ਅਤੇ ਜ਼ਖਮੀਆਂ ਦੇ ਇਲਾਜ ਦੇ ਨਿਰਦੇਸ਼ ਦਿੱਤੇ ਹਨ। ਪੁਲਸ ਸੂਤਰਾਂ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਇਹ ਹਾਦਸਾ ਬੀਤੀ ਅੱਧੀ ਰਾਤ ਨੂੰ ਟਨਕਪੁਰ ਹਾਈਵੇਅ ‘ਤੇ ਨਿਊਰੀਆ ਪੁਲਸ ਸਟੇਸ਼ਨ ਨੇੜੇ ਉਸ ਸਮੇਂ ਵਾਪਰਿਆ ਜਦੋਂ ਤੇਜ਼ ਰਫ਼ਤਾਰ ਕਾਰ ਬੇਕਾਬੂ ਹੋ ਕੇ ਪਹਿਲਾਂ ਇਕ ਦਰੱਖਤ ਨਾਲ ਜਾ ਟਕਰਾਈ ਅਤੇ ਸੜਕ ਕਿਨਾਰੇ ਖੱਡ ‘ਚ ਜਾ ਕੇ ਪਲਟ ਗਈ।
ਇਸ ਹਾਦਸੇ ‘ਚ 6 ਲੋਕਾਂ ਦੀ ਮੌਤ ਹੋ ਗਈ ਅਤੇ 4 ਜ਼ਖਮੀ ਹੋ ਗਏ। ਨਿਊਰੀਆ ਥਾਣਾ ਮੁਖੀ ਰੂਪਾ ਵਿਸ਼ਟ ਮੁਤਾਬਕ ਪੀਲੀਭੀਤ ਦੇ ਚੰਦੋਈ ਪਿੰਡ ਦੇ ਅਨਵਰ ਦਾ ਵਿਆਹ ਬੁੱਧਵਾਰ 4 ਦਸੰਬਰ ਨੂੰ ਉੱਤਰਾਖੰਡ ਦੇ ਖਾਤਿਮਾ ਦੀ ਰਹਿਣ ਵਾਲੀ ਹੁਸਨਾ ਬੀ ਨਾਲ ਹੋਇਆ ਸੀ।
ਨਿਕਾਹ ਦੇ ਅਗਲੇ ਦਿਨ ਯਾਨੀ ਵੀਰਵਾਰ ਨੂੰ ਕੁੜੀ ਦਾ ਪਰਿਵਾਰ ਕਿਸੇ ਰਸਮ ਲਈ ਆਇਆ ਸੀ ਅਤੇ ਦੇਰ ਰਾਤ ਰਸਮ ਪੂਰੀ ਹੋਣ ਤੋਂ ਬਾਅਦ ਸਾਰੇ ਦੋ ਕਾਰਾਂ ‘ਚ ਘਰ ਪਰਤ ਰਹੇ ਸਨ। ਇਕ ਗੱਡੀ ‘ਚ ਲਾੜੀ, ਲਾੜੀ ਦਾ ਭਰਾ ਅਤੇ ਹੋਰ ਰਿਸ਼ਤੇਦਾਰ ਸਨ ਅਤੇ ਦੂਜੀ ਗੱਡੀ ਅਤੀਰਗਾ ਵਿਚ ਲਾੜੀ ਦਾ ਪਿਤਾ-ਸਹੁਰਾ ਅਤੇ ਹੋਰ ਲੋਕ ਸਨ। ਨਿਊਰੀਆ ਥਾਣਾ ਖੇਤਰ ‘ਚ ਅਤੀਰਗਾ ਦੇ ਡਰਾਈਵਰ ਨੇ ਸਪੀਡ ਵਧਾ ਕੇ ਲਾੜੀ ਦੀ ਕਾਰ ਨੂੰ ਓਵਰਟੇਕ ਕਰ ਦਿੱਤਾ।
ਕਾਰ ‘ਚ 11 ਲੋਕ ਸਵਾਰ ਸਨ। ਰਾਤ 12 ਵਜੇ ਨਿਊਰੀਆ ਥਾਣੇ ਕੋਲ ਹਾਦਸਾ ਵਾਪਰ ਗਿਆ। ਸੂਚਨਾ ਮਿਲਦੇ ਹੀ ਪੁਲਸ ਤੁਰੰਤ ਪਹੁੰਚੀ। ਹਾਦਸੇ ਤੋਂ ਬਾਅਦ ਕਾਰ ਇੰਨੀ ਬੁਰੀ ਤਰ੍ਹਾਂ ਨੁਕਸਾਨੀ ਗਈ ਸੀ ਕਿ ਉਸ ਨੂੰ ਕੱਟ ਕੇ ਸਾਰਿਆਂ ਨੂੰ ਬਾਹਰ ਕੱਢਿਆ ਗਿਆ। ਸਾਰੇ ਜ਼ਖ਼ਮੀਆਂ ਨੂੰ ਮੈਡੀਕਲ ਕਾਲਜ ਹਸਪਤਾਲ ਪਹੁੰਚਾਇਆ। ਇੱਥੇ ਡਾਕਟਰਾਂ ਨੇ 6 ਲੋਕਾਂ ਨੂੰ ਮ੍ਰਿਤਕ ਐਲਾਨ ਦਿੱਤਾ। ਜ਼ਖ਼ਮੀਆਂ ਦੀ ਹਾਲਤ ਨੂੰ ਗੰਭੀਰ ਦੱਸਿਆ ਗਿਆ ਹੈ।