ਤਰਨਤਾਰਨ — ਤਰਨਤਾਰਨ ਦੇ ਪਿੰਡ ਅਨੰਦਪੁਰ ਦੇ ਨਿਵਾਸੀ ਨੌਜਵਾਨ ਦੀ ਕੈਨੇਡਾ ‘ਚ ਗੋਲੀਆਂ ਮਾਰ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਦਕਿ ਇਸ ਵਾਰਦਾਤ ‘ਚ ਮ੍ਰਿਤਕ ਦਾ ਵੱਡਾ ਭਰਾ ਜ਼ਖ਼ਮੀ ਹੋ ਗਿਆ ਹੈ ਜਿਸ ਨੂੰ ਹਸਪਤਾਲ ਵਿੱਚ ਜੇਰੇ ਇਲਾਜ਼ ਲਈ ਦਾਖ਼ਲ ਕਰਵਾਇਆ ਗਿਆ ਹੈ।
ਪ੍ਰਾਪਤ ਜਾਣਕਾਰੀ ਦੇ ਅਨੁਸਾਰ ਪ੍ਰਿਤਪਾਲ ਸਿੰਘ ਪੁੱਤਰ ਸਰਬਜੀਤ ਸਿੰਘ ਵਾਸੀ ਪਿੰਡ ਅਨੰਦਪੁਰ ਜ਼ਿਲ੍ਹਾ ਤਰਨਤਾਰਨ ਜੋ ਕਰੀਬ 6 ਮਹੀਨੇ ਪਹਿਲਾਂ ਹੀ ਕੈਨੇਡਾ ਦੇ ਬਰੈਂਪਟਨ ਸ਼ਹਿਰ ਵਿੱਚ ਆਪਣੇ ਵੱਡੇ ਸਕੇ ਭਰਾ ਖੁਸ਼ਵੰਤ ਸਿੰਘ ਕੋਲ ਪੁੱਜਾ ਸੀ।
ਬੀਤੇ ਕੱਲ੍ਹ ਜਦੋਂ ਪ੍ਰਿਤਪਾਲ ਸਿੰਘ ਅਤੇ ਉਸਦਾ ਵੱਡਾ ਭਰਾ ਖੁਸ਼ਵੰਤ ਸਿੰਘ ਆਪਣੇ ਕਿਰਾਏ ਵਾਲੇ ਮਕਾਨ ਦੇ ਬਾਹਰ ਖੜੀ ਕਾਰ ਉੱਪਰ ਡਿੱਗੀ ਬਰਫ਼ ਨੂੰ ਸਾਫ਼ ਕਰ ਰਹੇ ਸਨ ਤਾਂ ਕੁਝ ਹਮਲਾਵਰ ਅਚਾਨਕ ਆਉਂਦੇ ਹਨ ਜਿਨਾਂ ਵੱਲੋਂ ਸਿੱਧੀਆਂ ਗੋਲੀਆਂ ਦੋਵਾਂ ਭਰਾਵਾਂ ‘ਤੇ ਚਲਾਈਆਂ ਜਾਂਦੀਆਂ ਹਨ।ਜਿਸ ‘ਚ ਪ੍ਰਿਤਪਾਲ ਸਿੰਘ ਦੀ ਮੌਕੇ ‘ਤੇ ਮੌਤ ਹੋ ਗਈ, ਜਦਕਿ ਉਸ ਦਾ ਭਰਾ ਖੁਸ਼ਵੰਤ ਸਿੰਘ ਗੰਭੀਰ ਜ਼ਖ਼ਮੀ ਜ਼ੇਰੇ ਇਲਾਜ ਹੈ। ਖ਼ਬਰ ਦੀ ਸੂਚਨਾ ਪਰਿਵਾਰ ਨੂੰ ਮਿਲਦਿਆਂ ਹੀ ਪੂਰੇ ਪਰਿਵਾਰ ਦਾ ਰੋ-ਰੋ ਬੁਰਾ ਹਾਲ ਹੈ ਅਤੇ ਪਿੰਡ ‘ਚ ਸੋਗ ਦੀ ਲਹਿਰ ਦੌੜ ਰਹੀ ਹੈ।