ਬਟਾਲਾ/ਸ਼੍ਰੀ ਹਰਗੋਬਿੰਦਪੁਰ ਸਾਹਿਬ -ਕਸਬਾ ਸ਼੍ਰੀ ਹਰਗੋਬਿੰਦਪੁਰ ਵਿਖੇ ਕੰਧ ਹੇਠਾਂ ਆਉਣ ਨਾਲ ਦੋ ਬੱਚਿਆਂ ਦੀ ਮੌਤ ਹੋਣ ਦਾ ਅੱਤ ਦੁਖਦਾਈ ਸਮਾਚਾਰ ਮਿਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਏ.ਐੱਸ.ਆਈ ਕਰਤਾਰ ਸਿੰਘ ਨੇ ਦੱਸਿਆ ਕਿ ਸ਼੍ਰੀ ਹਰਗੋਬਿੰਦਪੁਰ ਵਿਖੇ ਸਥਿਤ ਇੱਟਾਂ ਵਾਲੇ ਭੱਠੇ ’ਤੇ ਯੂ.ਪੀ ਦੇ ਰਹਿਣ ਵਾਲੇ ਪਰਿਵਾਰ ਕੰਮ ਕਰਦੇ ਸਨ ਅਤੇ ਇਨ੍ਹਾਂ ਦੇ ਦੋਵੇਂ ਬੱਚੇ ਇਥੇ ਖੇਡ ਰਹੇ ਸਨ ਕਿ ਅਚਾਨਕ ਇਥੇ ਭੱਠੇ ਦੀ ਕੰਧ ਡਿੱਗ ਪਈ, ਜਿਸ ਹੇਠਾਂ ਦੋਵੇਂ ਬੱਚੇ ਆ ਗਏ ਅਤੇ ਉਨ੍ਹਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਉਕਤ ਪੁਲਸ ਅਧਿਕਾਰੀ ਨੇ ਅੱਗੇ ਦੱਸਿਆ ਕਿ ਮ੍ਰਿਤਕ ਦੋਵਾਂ ਬੱਚਿਆਂ ਦੇ ਨਾਂ ਕ੍ਰਮਵਾਰ ਬੱਚਾ ਗੋਪੀ (12) ਪੁੱਤਰ ਰਾਜੇਸ਼ ਵਾਸੀ ਯੂ.ਪੀ. ਅਤੇ ਬੱਚੀ (ਸ਼ਾਂਤੀ) ਪੁੱਤਰੀ ਛੋਟੇ ਲਾਲ ਵਾਸੀ ਯੂ.ਪੀ ਪਤਾ ਲੱਗੇ ਹਨ ਅਤੇ ਇਹ ਪਰਿਵਾਰ ਕਰੀਬ ਅੱਠ ਮਹੀਨੇ ਪਹਿਲਾਂ ਭੱਠੇ ’ਤੇ ਕੰਮ ਕਰਨ ਲਈ ਆਇਆ ਸੀ। ਏ.ਐੱਸ.ਆਈ ਨੇ ਅੱਗੇ ਦੱਸਿਆ ਕਿ ਪਰਿਵਾਰਕ ਮੈਂਬਰਾਨ ਦੇ ਬਿਆਨਾਂ ’ਤੇ ਬਣਦੀ ਕਾਨੂੰਨੀ ਕਾਰਵਾਈ ਕਰਦਿਆਂ ਦੋਵਾਂ ਬੱਚਿਆਂ ਦੀਆਂ ਲਾਸ਼ਾਂ ਸਿਵਲ ਹਸਪਤਾਲ ਬਟਾਲਾ ਵਿਖੇ ਪੋਸਟਮਾਰਟਮ ਲਈ ਭੇਜ ਦਿੱਤੀਆਂ ਹਨ।