ਮੋਗਾ – ਇਸ ਦੁਨੀਆ ‘ਚ ਵਿਆਹ ਤਾਂ ਕਈ ਤਰ੍ਹਾਂ ਦੇ ਹੁੰਦੇ ਹਨ। ਹਰ ਕੋਈ ਆਪਣਾ ਵਿਆਹ ਯਾਦਗਾਰ ਤੇ ਸਭ ਤੋਂ ਖ਼ਾਸ ਬਣਾਉਣਾ ਚਾਹੁੰਦਾ ਹੈ। ਪਰ ਕਈ ਵਾਰ ਸਥਿਤੀ ਅਜਿਹੀ ਹੋ ਜਾਂਦੀ ਹੈ, ਕਿ ਅਜਿਹੇ ਮੌਕੇ ਨਾ ਚਾਹੁੰਦੇ ਹੋਏ ਵੀ ਲੋਕਾਂ ਦੇ ਮਨਾਂ ‘ਚ ਬੈਠ ਜਾਂਦੇ ਹਨ। ਇਸੇ ਤਰ੍ਹਾਂ ਦਾ ਇਕ ਮਾਮਲਾ ਸਾਹਮਣੇ ਆਇਆ ਹੈ ਪੰਜਾਬ ਦੇ ਮੋਗਾ ਜ਼ਿਲ੍ਹੇ ਤੋਂ, ਜਿੱਥੇ ਫੇਸਬੁੱਕ ‘ਤੇ ਹੋਈ ਦੋਸਤੀ ਮਗਰੋਂ ਜਦੋਂ ਗੱਲ ਵਿਆਹ ਤੱਕ ਪਹੁੰਚ ਗਈ ਤਾਂ ਫ਼ਿਰ ਵਿਆਹ ਵਾਲੇ ਦਿਨ ਜੋ ਹੋਇਆ, ਦੇਖ-ਸੁਣ ਸਭ ਹੈਰਾਨ ਰਹਿ ਗਏ।
ਅਸਲ ‘ਚ ਜ਼ਿਲ੍ਹਾ ਜਲੰਧਰ ਦੇ ਰਹਿਣ ਵਾਲੇ ਦੀਪਕ ਕੁਮਾਰ ਪੁੱਤਰ ਪ੍ਰੇਮ ਚੰਦ ਵਾਸੀ ਪਿੰਡ ਮਡਿਆਲਾ, ਤਹਿਸੀਲ ਨਕੋਦਰ ਜੋ ਕਿ ਦੁਬਈ ‘ਚ ਕੰਮ ਕਰਦਾ ਹੈ, ਦੀ ਸੋਸ਼ਲ ਮੀਡੀਆ ‘ਤੇ ਮੋਗਾ ਦੀ ਰਹਿਣ ਵਾਲੀ ਇਕ ਮਨਪ੍ਰੀਤ ਕੌਰ ਨਾਂ ਦੀ ਕੁੜੀ ਨਾਲ ਦੋਸਤੀ ਹੋ ਗਈ। ਕੁਝ ਸਮੇਂ ਬਾਅਦ ਇਹ ਦੋਸਤੀ ਇੰਨੀ ਡੂੰਘੀ ਹੋ ਗਈ ਕਿ ਗੱਲ ਵਿਆਹ ਤੱਕ ਪਹੁੰਚ ਗਈ। ਪਰ ਇਸ ਦੌਰਾਨ ਨਾ ਤਾਂ ਉਹ ਇੱਕ-ਦੂਜੇ ਨੂੰ ਮਿਲੇ ਅਤੇ ਨਾ ਹੀ ਕਿਸੇ ਨੇ ਇੱਕ-ਦੂਜੇ ਨੂੰ ਦੇਖਿਆ।
ਇਸ ਮਗਰੋਂ ਜਦੋਂ ਪੂਰੇ ਚਾਵਾਂ ਨਾਲ ਦੀਪਕ ਕੁਮਾਰ ਬਾਰਾਤ ਲੈ ਕੇ ਮਨਪ੍ਰੀਤ ਕੌਰ ਦੇ ਦੱਸੇ ਅਨੁਸਾਰ ਦੁਪਹਿਰ 12 ਵਜੇ ਦੇ ਕਰੀਬ ਮੋਗਾ ਪੁੱਜ ਗਏ। ਇਸ ਮਗਰੋਂ ਬਹੁਤ ਪੁੱਛ-ਪੜਤਾਲ ਕਰਨ ਮਗਰੋਂ ਜਦੋਂ ਉਨ੍ਹਾਂ ਨੂੰ ਰੋਜ਼ ਗਾਰਡਨ ਨਾਂ ਦਾ ਪੈਲੇਸ ਨਾ ਮਿਲਿਆ ਤਾਂ ਉਹ ਇਹ ਜਾਣ ਕੇ ਹੈਰਾਨ ਹੋ ਗਿਆ ਕਿ ਮੋਗਾ ‘ਚ ਇਸ ਨਾਂ ਦਾ ਕੋਈ ਪੈਲੇਸ ਹੈ ਹੀ ਨਹੀਂ।
ਜਦੋਂ ਉਸ ਨੇ ਕੁੜੀ ਮਨਪ੍ਰੀਤ ਨੂੰ ਫ਼ੋਨ ਕੀਤਾ ਤਾਂ ਉਸ ਨੇ ਸਿਰਫ਼ ਇੰਨਾ ਹੀ ਕਿਹਾ ਕਿ ਤੁਸੀਂ ਇੱਥੇ ਰੁਕੋ, ਅਸੀਂ ਤੁਹਾਨੂੰ ਲੈਣ ਆ ਰਹੇ ਹਾਂ। ਬਸ, ਇਸ ਤੋਂ ਬਾਅਦ ਉਨ੍ਹਾਂ ਦਾ ਫੋਨ ਬੰਦ ਹੋ ਗਿਆ। ਜਦੋਂ ਲਾੜਾ 100 ਦੇ ਕਰੀਬ ਬਰਾਤੀਆਂ ਨੂੰ ਲੈ ਕੇ ਭੁੱਖਾ-ਪਿਆਸਾ ਦੁਪਹਿਰ 12 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਲੋਹਾਰਾ ਚੌਕ ‘ਚ ਖੜਾ ਰਿਹਾ ਤੇ ਜਦੋਂ ਕੁੜੀ ਵਾਲਿਆਂ ਦੀ ਕੋਈ ਖ਼ਬਰ-ਸਾਰ ਨਾ ਆਈ ਤਾਂ ਆਖ਼ਿਰ ਸ਼ਾਮ 6 ਵਜੇ ਉਨ੍ਹਾਂ ਨੇ ਥਾਣੇ ‘ਚ ਰਿਪੋਰਟ ਦਰਜ ਕਰਵਾਈ।