ਲੁਧਿਆਣਾ : ਜੱਸੀਆਂ ਰੋਡ ‘ਤੇ ਸਥਿਤ ਗੁਰਨਾਮ ਨਗਰ ਵਿਚ ਇਕ ਪੁਜਾਰੀ ਦੀ ਸ਼ੱਕੀ ਹਾਲਤ ਵਿਚ ਮੌਤ ਹੋ ਗਈ। ਇਸ ਬਾਰੇ ਪਤਾ ਲੱਗਦਿਆਂ ਹੀ ਇਲਾਕੇ ਵਿਚ ਸਨਸਨੀ ਫ਼ੈਲ ਗਈ। ਲੋਕਾਂ ਨੇ ਥਾਣਾ ਸਲੇਮ ਟਾਬਰੀ ਦੀ ਪੁਲਸ ਨੂੰ ਸੂਚਨਾ ਦਿੱਤੀ। ਸਬ -ਸਪੈਕਟਰ ਭਜਨ ਸਿੰਘ ਤੇ ਹੈੱਡ ਕਾਂਸਟੇਬਲ ਗੁਰਵਿੰਦਰ ਸਿੰਘ ਮੌਕੇ ‘ਤੇ ਪਹੁੰਚ ਗਏ। ਉਨ੍ਹਾਂ ਨੇ ਮੌਕੇ ਦਾ ਮੁਆਇਣਾ ਕਰ ਕੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ। ਪੁਲਸ ਨੇ ਮੌਕੇ ‘ਤੇ ਮਿਲੇ ਆਧਾਰ ਕਾਰਡ ਤੇ ਹੋਰ ਦਸਤਾਵੇਜ਼ ਕਬਜ਼ੇ ਵਿਚ ਲੈ ਲਏ। ਪੁਲਸ ਨੇ ਮਰਨ ਵਾਲੇ ਦੀ ਪਛਾਣ 27 ਸਾਲਾ ਪ੍ਰਵੀਨ ਕੁਮਾਰ ਪੁੱਤਰ ਰਾਜਿੰਦਰ ਵਾਸੀ ਹਰਿਆਣਾ ਕਰਨਾਲ ਦੇ ਰਹਿਣ ਵਾਲੇ ਵਜੋਂ ਕੀਤੀ ਹੈ।
ਮੌਕੇ ‘ਤੇ ਪਹੁੰਚੇ ਪੁਲਸ ਅਧਿਕਾਰੀ ਨੇ ਦੱਸਿਆ ਕਿ ਉਕਤ ਪ੍ਰਵੀਨ ਕੁਮਾਰ ਦੀ ਲਾਸ਼ ਇਲਾਕੇ ਦੇ ਕੇਬਲ ਆਪ੍ਰੇਟਰ ਵਿਚ ਪਿਆ ਸੀ। ਦਫ਼ਤਰ ਦੇ ਮਾਲਕ ਰਾਜੂ ਨੇ ਦੱਸਿਆ ਕਿ ਪ੍ਰਵੀਨ ਐਤਵਾਰ ਸ਼ਾਮ ਨੂੰ ਉਸ ਦੇ ਦਫ਼ਤਰ ਵਿਚ ਆਇਆ ਸੀ ਤੇ ਉਹ ਆਰਾਮ ਕਰਨ ਲਈ ਦਫ਼ਤਰ ਵਿਚ ਰੁਕ ਗਿਆ ਸੀ। ਸਵੇਰੇ ਜਦੋਂ ਉਹ ਦਫ਼ਤਰ ਆਇਆ ਤਾਂ ਦਫ਼ਤਰ ਅੰਦਰੋਂ ਲੋਕ ਸੀ। ਉਸ ਨੇ ਪੌੜੀ ਲਗਾ ਕੇ ਅੰਦਰ ਵੇਖਿਆ ਤਾਂ ਦਫ਼ਤਰ ਦੇ ਟੇਬਲ ਨੇੜੇ ਪੁਜਾਰੀ ਦੀ ਲਾਸ਼ ਪਈ ਸੀ। ਜਾਂਚ ਦੌਰਾਨ ਲੋਕਾਂ ਨੇ ਦੱਸਿਆ ਕਿ ਉਹ ਪਹਿਲਾਂ ਨੇੜੇ ਹੀ ਮੰਦਰ ਵਿਚ ਪੁਜਾਰੀ ਸੀ ਤੇ ਹੁਣ ਲੋਕਾਂ ਦੇ ਘਰਾਂ ਵਿਚ ਪੂਜਾ ਪਾਠ ਕਰਦਾ ਸੀ। ਜਾਂਚ ਅਧਿਕਾਰੀ ਨੇ ਦੱਸਿਆ ਕਿ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਹੀ ਮੌਤ ਦੇ ਕਾਰਨ ਦਾ ਪਤਾ ਲੱਗੇਗਾ।