Wednesday, December 25, 2024

Become a member

Get the best offers and updates relating to Liberty Case News.

― Advertisement ―

spot_img
spot_img
HomePunjabਮੁੱਖ ਮੰਤਰੀ ਵਲੋਂ ਕਿਸਾਨਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਬਹੁਕੌਮੀ ਕੰਪਨੀ...

ਮੁੱਖ ਮੰਤਰੀ ਵਲੋਂ ਕਿਸਾਨਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਬਹੁਕੌਮੀ ਕੰਪਨੀ ਗ੍ਰਾਂਟ ਥੌਰਨਟਨ ਨੂੰ ਪੂਰਨ ਸਮਰਥਨ ਅਤੇ ਸਹਿਯੋਗ ਦਾ ਭਰੋਸਾ

ਚੰਡੀਗੜ੍ਹ, 9 ਦਸੰਬਰ:ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਬਹੁਕੌਮੀ ਕੰਪਨੀ ਗ੍ਰਾਂਟ ਥੌਰਨਟਨ ਨੂੰ ਕਿਸਾਨਾਂ ਅਤੇ ਔਰਤਾਂ ਦੀ ਆਮਦਨ ਵਧਾ ਕੇ ਉਨ੍ਹਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਪੂਰਨ ਸਮਰਥਨ ਅਤੇ ਸਹਿਯੋਗ ਦਾ ਭਰੋਸਾ ਦਿੱਤਾ ਹੈ।

ਕੰਪਨੀ ਦੇ ਕੰਟਰੀ ਹੈੱਡ ਵੀ. ਪਦਮਾਨੰਦ, ਜਿਨ੍ਹਾਂ ਨੇ ਅੱਜ ਮੁੱਖ ਮੰਤਰੀ ਨਾਲ ਉਨ੍ਹਾਂ ਦੀ ਸਰਕਾਰੀ ਰਿਹਾਇਸ਼ ਵਿਖੇ ਮੁਲਾਕਾਤ ਕੀਤੀ, ਨਾਲ ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਚਾਰ ਜ਼ਿਲ੍ਹਿਆਂ ਲੁਧਿਆਣਾ, ਮੋਗਾ, ਬਟਾਲਾ ਅਤੇ ਰੂਪਨਗਰ ਵਿੱਚ ਕੰਪਨੀ ਦੀ ਸ਼ਲਾਘਾਯੋਗ ਕਾਰਜਾਂ ਲਈ ਤਾਰੀਫ਼ ਕੀਤੀ। ਉਨ੍ਹਾਂ ਕਿਹਾ ਕਿ ਕੰਪਨੀ ਨੇ ਚਾਰ ਜ਼ਿਲ੍ਹਿਆਂ ਵਿੱਚ 17 ਕਿਸਾਨ ਉਤਪਾਦਕ ਕੰਪਨੀਆਂ (ਐਫ.ਪੀ.ਸੀ) ਰਜਿਸਟਰ ਕੀਤੀਆਂ ਹਨ ਅਤੇ 10000 ਮਹਿਲਾ ਲਾਭਪਾਤਰੀ, ਜੋ ਇਨ੍ਹਾਂ ਕੰਪਨੀਆਂ ਦੀਆਂ ਮੈਂਬਰ ਹਨ, ਨੂੰ ਵੱਖ-ਵੱਖ ਗਤੀਵਿਧੀਆਂ ਰਾਹੀਂ ਲਾਭ ਮਿਲਿਆ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਜਾਣ ਕੇ ਖੁਸ਼ੀ ਹੋਈ ਹੈ ਕਿ ਕਿਸਾਨ ਉਤਪਾਦਕ ਕੰਪਨੀਆਂ ਦੀ ਔਸਤ ਆਮਦਨ 45 ਲੱਖ ਰੁਪਏ ਹੈ ਅਤੇ ਕੰਪਨੀ ਦੇ ਦਖ਼ਲ ਤੋਂ ਬਾਅਦ ਵੱਖ-ਵੱਖ ਪਹਿਲਕਦਮੀਆਂ ਰਾਹੀਂ ਔਰਤਾਂ ਅਤੇ ਪਰਿਵਾਰਾਂ ਦੀ ਆਮਦਨ ਵਿੱਚ ਔਸਤਨ 40 ਫੀਸਦੀ ਦਾ ਵਾਧਾ ਹੋਇਆ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਕੰਪਨੀ ਰਿਆਇਤੀ ਦਰਾਂ ‘ਤੇ ਉੱਚ ਗੁਣਵੱਤਾ ਵਾਲੇ ਬੀਜਾਂ ਅਤੇ ਕੀਟਨਾਸ਼ਕਾਂ ਦੀ ਸਪਲਾਈ, ਜਾਇਜ਼ ਕੀਮਤਾਂ ‘ਤੇ ਖਾਦਾਂ ਦੀ ਸਮੇਂ ਸਿਰ ਵੰਡ ਅਤੇ ਸਹਿਕਾਰੀ ਕਿਰਾਏ ਦੇ ਆਧਾਰ ‘ਤੇ ਟਰੈਕਟਰਾਂ ਅਤੇ ਡਰੋਨਾਂ ਵਰਗੀਆਂ ਖੇਤੀ ਮਸ਼ੀਨਰੀ ਰਾਹੀਂ ਮਹਿਲਾ ਕਿਸਾਨਾਂ ਦੀ ਰੋਜ਼ੀ-ਰੋਟੀ ਅਤੇ ਆਮਦਨ ਵਧਾਉਣ ਦੇ ਪ੍ਰਾਜੈਕਟ ਦੇ ਉਦੇਸ਼ਾਂ ਨੂੰ ਪ੍ਰਾਪਤ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕੰਪਨੀ ਡੇਅਰੀ ਫਾਰਮਿੰਗ ਵਿੱਚ ਸਹਾਇਤਾ ਕਰਨ ਲਈ ਪਸ਼ੂ ਧਨ ਵਾਸਤੇ ਵਿਸ਼ੇਸ਼ ਤੌਰ ‘ਤੇ ਗੁਣਵੱਤਾ ਵਾਲੀ ਫੀਡ, ਸਪਲੀਮੈਂਟ ਅਤੇ ਕੁਲੈਕਸ਼ਨ ਸੈਂਟਰ ਅਤੇ ਸਹਿਕਾਰੀ ਦੁੱਧ ਦੀਆਂ ਕੀਮਤਾਂ ਰਾਹੀਂ ਫਸਲਾਂ ਅਤੇ ਪਸ਼ੂ ਪਾਲਣ ਸਲਾਹਕਾਰ ਸੇਵਾਵਾਂ ਵੀ ਪ੍ਰਦਾਨ ਕਰ ਰਹੀ ਹੈ। ਭਗਵੰਤ ਸਿੰਘ ਮਾਨ ਨੇ ਲਗਾਤਾਰ ਸਿਖਲਾਈ ਦੇ ਮਾਧਿਅਮ ਨਾਲ ਐਫ.ਪੀ.ਸੀ ਅਤੇ ਬਿਜ਼ਨਸ ਪਲਾਨਿੰਗ ਅਤੇ ਮੈਨੇਜਮੈਂਟ ਦੇ ਬੋਰਡ ਮੈਂਬਰਾਂ ਦੀ ਸਮਰੱਥਾ ਨਿਰਮਾਣ ਵਿੱਚ ਕੰਪਨੀ ਦੀ ਭੂਮਿਕਾ ਦੀ ਵੀ ਸ਼ਲਾਘਾ ਕੀਤੀ। ਕੰਪਨੀ ਨੂੰ ਕਾਨੂੰਨੀ ਪਾਲਣਾ ਨੂੰ ਯਕੀਨੀ ਬਣਾਉਣ ਅਤੇ ਡਿਜੀਟਲਾਈਜ਼ੇਸ਼ਨ ਅਤੇ ਪਾਰਦਰਸ਼ਤਾ ਦੀ ਸਹੂਲਤ ਦੇ ਨਾਲ-ਨਾਲ ਲੈਪਟਾਪ, ਟੈਬਾਂ ਅਤੇ ਪ੍ਰਿੰਟਰਾਂ ਰਾਹੀਂ ਕਾਰੋਬਾਰ ਕਰਨ ਵਿੱਚ ਅਸਾਨੀ ਲਈ ਵੀ ਸ਼ਲਾਘਾ ਕੀਤੀ।

ਮੁੱਖ ਮੰਤਰੀ ਨੇ ਕਿਸਾਨ ਵਿਕਾਸ ਸਮੂਹ ਦੀਆਂ ਲਗਪਗ 25 ਮਹਿਲਾ ਮੈਂਬਰਾਂ ਦੀ ਡਰੋਨ ਪਾਇਲਟਾਂ ਵਜੋਂ ਸਮਰੱਥਾ ਵਧਾਉਣ ਲਈ ਕੰਪਨੀ ਦੇ ਉਪਰਾਲੇ ਦੀ ਵੀ ਸ਼ਲਾਘਾ ਕੀਤੀ। ਭਗਵੰਤ ਸਿੰਘ ਮਾਨ ਨੇ ਇਸ ਬਹੁਕੌਮੀ ਕੰਪਨੀ ਦੇ ਕਾਰਜ ਖੇਤਰ ਨੂੰ ਸੂਬੇ ਦੇ ਚਾਰ ਹੋਰ ਜ਼ਿਲ੍ਹਿਆਂ ਵਿੱਚ ਵਧਾਉਣ ਲਈ ਸਹਿਮਤੀ ਦੇ ਦਿੱਤੀ ਹੈ, ਜਿਨ੍ਹਾਂ ਵਿਚ ਸੰਗਰੂਰ, ਬਠਿੰਡਾ, ਮਾਨਸਾ ਅਤੇ ਫਾਜ਼ਿਲਕਾ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਸਾਡਾ ਉਦੇਸ਼  ਕਿਸਾਨਾਂ ਦੀ ਭਲਾਈ ਯਕੀਨੀ ਬਣਾਉਣਾ ਅਤੇ ਉਨ੍ਹਾਂ ਦੀ ਆਮਦਨ ਨੂੰ ਵਧਾਉਣ ਦੇ ਨਾਲ-ਨਾਲ ਔਰਤਾਂ ਨੂੰ ਵੱਧ ਅਖ਼ਤਿਆਰ ਦੇਣਾ ਹੈ।