ਜਲੰਧਰ : ਪੁਲਸ ਕਮਿਸ਼ਨਰ ਸਵਪਨ ਸ਼ਰਮਾ ਦੀ ਅਗਵਾਈ ਵਿਚ ਜਲੰਧਰ ਕਮਿਸ਼ਨਰੇਟ ਪੁਲਸ ਨੇ ਪ੍ਰਭਾਵਸ਼ਾਲੀ ਅਤੇ ਜਵਾਬਦੇਹ ਪੁਲਸਿੰਗ ਦਾ ਇਕ ਨਵਾਂ ਮਾਪਦੰਡ ਸਥਾਪਤ ਕਰਦੇ ਹੋਏ ਸ਼ਹਿਰ ਦੇ ਇਕ ਵਸਨੀਕ ਤੋਂ 70 ਗ੍ਰਾਮ ਸੋਨਾ ਖੋਹਣ ਤੋਂ ਬਾਅਦ ਇਕ ਸਨੈਚਰ ਨੂੰ 24 ਘੰਟਿਆਂ ਦੇ ਅੰਦਰ ਹੀ ਕਾਬੂ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਸ ਕਮਿਸ਼ਨਰ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ਿਕਾਇਤ ਮਿਲੀ ਸੀ ਕਿ ਇਕ ਅਣਪਛਾਤੇ ਨੌਜਵਾਨ ਨੇ ਇਕ ਔਰਤ ਤੋਂ ਹੈਂਡਬੈਗ ਖੋਹ ਲਿਆ ਹੈ। ਉਨ੍ਹਾਂ ਦੱਸਿਆ ਕਿ ਬੈਗ ਵਿਚ 7 ਤੋਲੇ ਸੋਨੇ ਦਾ ਹਾਰ, ਦੋ ਮੋਬਾਈਲ ਫ਼ੋਨ, ਨਕਦੀ ਆਦਿ ਕੀਮਤੀ ਸਾਮਾਨ ਸੀ। ਸਵਪਨ ਸ਼ਰਮਾ ਨੇ ਦੱਸਿਆ ਕਿ ਪੁਲਸ ਨੇ ਥਾਣਾ ਡਵੀਜ਼ਨ ਨੰਬਰ 7 ਵਿਚ ਧਾਰਾ 304 (2) ਆਈਪੀਸੀ ਤਹਿਤ ਐੱਫਆਈਆਰ ਨੰਬਰ 145 ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੁਲਸ ਕਮਿਸ਼ਨਰ ਨੇ ਦੱਸਿਆ ਕਿ ਤਫਤੀਸ਼ ਦੌਰਾਨ ਦੋਸ਼ੀ ਦੀ ਪਹਿਚਾਣ ਦਾਨਿਆਲ ਪੁੱਤਰ ਸਲੀਮ ਵਾਸੀ ਪਿੰਡ ਉਸਮਾਨਪੁਰ, ਜਲੰਧਰ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਪੁਲਸ ਨੇ 24 ਘੰਟਿਆਂ ਦੇ ਅੰਦਰ ਹੀ ਦੋਸ਼ੀ ਨੂੰ ਗ੍ਰਿਫ਼ਤਾਰ ਕਰਕੇ ਉਸ ਪਾਸੋਂ 70 ਗ੍ਰਾਮ ਸੋਨਾ ਸਮੇਤ ਹੋਰ ਸਾਮਾਨ ਬਰਾਮਦ ਕੀਤਾ | ਸਵਪਨ ਸ਼ਰਮਾ ਨੇ ਕਿਹਾ ਕਿ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।