ਵੀਰਵਾਰ ਨੂੰ ਚੰਡੀਗੜ੍ਹ ’ਚ ਆਮ ਆਦਮੀ ਪਾਰਟੀ, ਪੰਜਾਬ ਨੇ ਪ੍ਰੈੱਸ ਕਾਨਫ਼ਰੰਸ ਦੌਰਾਨ ਸੁਨੀਲ ਜਾਖੜ ਦੇ ਪੰਜਾਬ ਦੇ ਕਿਸਾਨਾਂ ਵਿਰੁੱਧ ਦਿੱਤੇ ਬਿਆਨ ’ਤੇ ਮੋੜਵਾਂ ਜਵਾਬ ਦਿੱਤਾ। ‘ਆਪ’ ਦਾ ਕਹਿਣਾ ਹੈ ਕੋਈ ਵੀ ਭਾਜਪਾ ਸਰਕਾਰ ਵੱਲੋਂ ਆਪਣੇ 10 ਸਾਲਾਂ ਦੇ ਰਾਜ ਵਿੱਚ ਕੀਤੇ ਧੋਖੇ ਅਤੇ ਕਿਸਾਨਾਂ ‘ਤੇ ਕੀਤੇ ਜਬਰ ਨੂੰ ਭੁੱਲਿਆ ਨਹੀਂ ਹੈ। ਇਸੇ ਲਈ ਬੀਜੇਪੀ ਅਤੇ ਬੀਜੇਪੀ ਪੰਜਾਬ ਪ੍ਰਧਾਨ ਸੁਨੀਲ ਜਾਖੜ ਨੂੰ ਕਿਸਾਨਾਂ ਬਾਰੇ ਗੱਲ ਕਰਨ ਦਾ ਵੀ ਕੋਈ ਅਧਿਕਾਰ ਨਹੀਂ ਹੈ। ਦਰਅਸਲ ‘ਆਪ’ ਦੇ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਨੇ ਪ੍ਰੈੱਸ ਕਾਨਫ਼ਰੰਸ ਦੌਰਾਨ ਸੁਨੀਲ ਜਾਖੜ ’ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਸਾਡੇ ਕਿਸਾਨਾਂ ਵਿਰੁੱਧ ਭਾਜਪਾ ਦੀਆਂ ਗਲਤ ਨੀਤੀਆਂ ਦੀ ਸੂਚੀ ਬਹੁਤ ਲੰਬੀ ਹੈ ਪਰ ਜਾਖੜ ਨੇ ਇੱਕ ਵਾਰ ਫਿਰ ਆਪਣਾ ਕਿਸਾਨ ਵਿਰੋਧੀ ਅਤੇ ਪੰਜਾਬ ਵਿਰੋਧੀ ਚਿਹਰਾ ਵਿਖਾ ਦਿੱਤਾ ਹੈ। ਭਾਜਪਾ ਦੇ ਪੀਐੱਮ ਨਰਿੰਦਰ ਮੋਦੀ ਨੇ ਸੱਤਾ ‘ਚ ਆਉਣ ਤੋਂ ਪਹਿਲਾਂ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਵਾਅਦਾ ਕੀਤਾ ਪਰ ਉਹ ਆਪਣੇ ਅਮੀਰ ਦੋਸਤਾਂ ਨੂੰ ਹੋਰ ਲਾਭ ਦੇਣ ਲਈ ਕਿਸਾਨ ਵਿਰੋਧੀ ਕਾਲੇ ਬਿੱਲ ਲੈ ਆਏ। ਪੂੰਜੀਪਤੀ ਦੋਸਤਾਂ ਦੇ ਹਜ਼ਾਰਾਂ ਕਰੋੜ ਰੁਪਏ ਦੇ ਕਰਜ਼ੇ ਵਾਰ-ਵਾਰ ਮੁਆਫ ਕੀਤੇ ਗਏ ਪਰ ਕਿਸਾਨ ਕਰਜ਼ਾ ਮੁਆਫ ਨਾ ਹੋਣ ਕਾਰਨ ਖੁਦਕੁਸ਼ੀਆਂ ਕਰਨ ਲਈ ਮਜਬੂਰ ਹੋਏ।
ਇਸ ਦੇ ਨਾਲ ਹੀ ਈਟੀਓ ਨੇ ਕਿਸਾਨ ਅੰਦੋਲਨ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਕਿਸਾਨਾਂ ਨੇ ਦੋ ਵਾਰ ਦਿੱਲੀ ਦਾ ਦਰਵਾਜ਼ਾ ਖੜਕਾਇਆ ਅਤੇ ਦੋਵੇਂ ਵਾਰ ਕਿਸਾਨਾਂ ’ਤੇ ਜਬਰ ਢਾਹਿਆ ਗਿਆ ਤੇ ਦਿੱਲੀ ਦੀਆਂ ਸਰਹੱਦਾਂ ‘ਤੇ ਸੈਂਕੜੇ ਕਿਸਾਨਾਂ ਦੀ ਮੌਤ ਹੋ ਗਈ। ਪਹਿਲੇ ਕਿਸਾਨ ਅੰਦੋਲਨ ਚ 750 ਤੋਂ ਵੱਧ ਕਿਸਾਨਾਂ ਨੇ ਜਾਨਾਂ ਗਵਾਈਆਂ ਅਤੇ ਕਿਸਾਨਾਂ ਦੀਆਂ ਮੌਤਾਂ ਤੋਂ ਬਾਅਦ ਗਲਤੀ ਦਾ ਅਹਿਸਾਸ ਹੋਣ ’ਤੇ ਮੋਦੀ ਸਰਕਾਰ ਨੇ ਕਾਨੂੰਨਾਂ ਨੂੰ ਰੱਦ ਕਰ ਦਿੱਤਾ। ਦੂਜੇ ਕਿਸਾਨ ਅੰਦੋਲਨ ਦਾ ਹਵਾਲਾ ਦਿੰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਕੁਝ ਮਹੀਨਿਆਂ ਪਹਿਲਾਂ ਹਰਿਆਣਾ ਅਤੇ ਕੇਂਦਰ ਦੀਆਂ ਭਾਜਪਾ ਸਰਕਾਰਾਂ ਵੱਲੋਂ ਸਾਡੇ ਕਿਸਾਨਾਂ ‘ਤੇ ਹੋਏ ਹਮਲੇ ਦੇ ਅਸੀਂ ਗਵਾਹ ਹਾਂ। ਕਿਸਾਨਾਂ ‘ਤੇ ਗੋਲੀਆਂ ਚਲਾਈਆਂ ਗਈਆਂ, 20 ਸਾਲਾਂ ਦੇ ਇੱਕ ਨੌਜਵਾਨ ਕਿਸਾਨ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਈਟੀਓ ਨੇ ਸੁਨੀਲ ਜਾਖੜ ਨੂੰ ਸਵਾਲ ਕੀਤਾ ਕਿ ਕੀ ਉਨ੍ਹਾਂ ਕੋਲ ਭਾਜਪਾ ਦੇ ਇਨ੍ਹਾਂ ਸਾਰੇ ਧੋਖਿਆਂ ਦੇ ਜਵਾਬ ਹਨ? ਮੋਦੀ ਸਰਕਾਰ ਸਾਡੇ ਕਿਸਾਨਾਂ ‘ਤੇ ਕੀਤੇ ਸਾਰੇ ਜਬਰਾਂ-ਜੁਲਮਾਂ ਲਈ ਉਹ ਕਿਵੇਂ ਅਤੇ ਕਦੋਂ ਮੁਆਫ਼ੀ ਮੰਗਣਗੇ?
ਕੈਬਨਿਟ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਮਾਨ ਸਹੀ ਕਹਿੰਦੇ ਹਨ, ਪਹਿਲਾਂ ਭਾਜਪਾ ਨੇ ਕਿਸਾਨਾਂ ਨੂੰ ਦਿੱਲੀ ਅੰਦਰ ਦਾਖਲ ਨਹੀਂ ਹੋਣ ਦਿੱਤਾ। ਹੁਣ ਕਿਸਾਨ ਭਾਜਪਾ ਨੂੰ ਪਿੰਡਾਂ ਅੰਦਰ ਦਾਖਲ ਨਹੀਂ ਹੋਣ ਦੇ ਰਹੇ। ਹਮੇਸ਼ਾ ਦੀ ਤਰ੍ਹਾਂ ਭਾਜਪਾ ਨੂੰ ਆਪਣੀ ਹਾਰ ਹਜ਼ਮ ਨਹੀਂ ਹੋ ਰਹੀ ਇਸੇ ਲਈ ਜਾਖੜ ਵਾਂਗ ਘਟੀਆ ਬਿਆਨ ਦਿੱਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਈਟੀਓ ਨੇ ਭਾਜਪਾ ਆਗੂ ’ਤੇ ਦੋਸ਼ ਲਗਾਏ ਕਿ ਸੁਨੀਲ ਜਾਖੜ ਉਦੋਂ ਗ਼ਾਇਬ ਹੋ ਜਾਂਦੇ ਹਨ ਜਦੋਂ ਪੰਜਾਬ, ਪੰਜਾਬੀ ਅਤੇ ਕਿਸਾਨਾਂ ਲਈ ਆਵਾਜ਼ ਉਠਾਉਣ ਦਾ ਸਮਾਂ ਹੁੰਦਾ ਹੈ। ਉਹ ਕਦੇ ਵੀ ਪੰਜਾਬ ਅਤੇ ਕਿਸਾਨਾਂ ਦੇ ਮੁੱਦਿਆਂ ‘ਤੇ ਨਹੀਂ ਬੋਲਦੇ।