ਕਾਰਵਾਰ – ਕਰਨਾਟਕ ਦੇ ਉੱਤਰੀ ਕੰਨੜ ਜ਼ਿਲ੍ਹੇ ਦੇ ਮੁਰੁਦੇਸ਼ਵਰ ’ਚ ਇਕ ਸਕੂਲ ਦੀਆਂ 9ਵੀਂ ਜਮਾਤ ਦੀਆਂ 4 ਵਿਦਿਆਰਥਣਾਂ ਮੰਗਲਵਾਰ ਸ਼ਾਮ ਸਮੁੰਦਰ ’ਚ ਡੁੱਬ ਗਈਆਂ। ਪੁਲਸ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਕੋਲਾਰ ਜ਼ਿਲ੍ਹੇ ਦੇ ਮੁਲਾਬਗਿਲੂ ਦੇ ਮੋਰਾਰਜੀ ਦੇਸਾਈ ਰਿਹਾਇਸ਼ੀ ਸਕੂਲ ਦੇ 46 ਵਿਦਿਆਰਥੀਆਂ ਤੇ 6 ਅਧਿਆਪਕਾਂ ਦਾ ਇਕ ਗਰੁੱਪ ਵਿੱਦਿਅਕ ਟੂਰ ’ਤੇ ਮੁਰੁਦੇਸ਼ਵਰ ਗਿਆ ਸੀ।
ਸ਼ਾਮ 5.30 ਵਜੇ ਦੇ ਕਰੀਬ ਅਧਿਆਪਕ ਅਤੇ ਵਿਦਿਆਰਥੀ ਬੀਚ ’ਤੇ ਗਏ ਹੋਏ ਸਨ। ਲਾਈਫ-ਗਾਰਡਾਂ ਵੱਲੋਂ ਸਮੁੰਦਰ ’ਚ ਨਾ ਜਾਣ ਦੀ ਚਿਤਾਵਨੀ ਦੇ ਬਾਵਜੂਦ 7 ਵਿਦਿਆਰਥਣਾਂ ਸਮੁੰਦਰ ਦੇ ਕਾਫੀ ਅੰਦਰ ਚਲੀਆਂ ਗਈਆਂ ਤੇ ਵਹਿ ਗਈਆਂ। ਉਸ ਸਮੇਂ ਸਮੁੰਦਰ ’ਚ ਲਹਿਰਾਂ ਉੱਠ ਰਹੀਆਂ ਸਨ, ਜਿਸ ਕਾਰਨ 4 ਵਿਦਿਆਰਥਣਾਂ ਦੀ ਡੁੱਬਣ ਨਾਲ ਮੌਤ ਹੋ ਗਈ। 3 ਹੋਰ ਵਿਦਿਆਰਥਣਾਂ ਨੂੰ ਲਾਈਫ-ਗਾਰਡਾਂ ਤੇ ਹੋਰਾਂ ਦੀ ਮਦਦ ਨਾਲ ਬਚਾਅ ਲਿਆ ਗਿਆ। ਹਾਦਸੇ ‘ਚ ਜਾਨ ਗਵਾਉਣ ਵਾਲੀਆਂ ਵਿਦਿਆਰਥਣਾਂ ਦੀ ਉਮਰ 15 ਸਾਲ ਹੈ। ਕਰਨਾਟਕ ਦੇ ਮੁੱਖ ਮੰਤਰੀ ਸਿੱਧਰਮਈਆ ਨੇ ਆਪਣੀਆਂ ਜਾਨਾਂ ਗੁਆਉਣ ਵਾਲੀਆਂ ਲੜਕੀਆਂ ਦੇ ਦੁਖੀ ਪਰਿਵਾਰਾਂ ਪ੍ਰਤੀ ਹਮਦਰਦੀ ਪ੍ਰਗਟ ਕੀਤੀ ਹੈ। ਮੁੱਖ ਮੰਤਰੀ ਨੇ ਉਨ੍ਹਾਂ ਦੇ ਪਰਿਵਾਰ ਨੂੰ 5-5 ਲੱਖ ਰੁਪਏ ਦੀ ਐਕਸ-ਗ੍ਰੇਸ਼ੀਆ ਰਾਸ਼ੀ ਦੇਣ ਦਾ ਐਲਾਨ ਕੀਤਾ।