ਦੌਸਾ : ਰਾਜਸਥਾਨ ਦੇ ਦੌਸਾ ਜ਼ਿਲ੍ਹੇ ਵਿਚ 3 ਦਿਨ ਪਹਿਲਾਂ ਬੋਰਵੈੱਲ ਵਿਚ ਡਿੱਗਣ ਵਾਲੇ 5 ਸਾਲਾ ਬੱਚੇ ਆਰੀਅਨ ਨੂੰ ਬਚਾਇਆ ਨਹੀਂ ਜਾ ਸਕਿਆ। ਆਰੀਅਨ ਨੂੰ ਬਚਾਉਣ ਲਈ ਬੋਰਵੈੱਲ ਨੇੜੇ ਖੋਦਣ ਦੀਆਂ ਸਾਰੀਆਂ ਕੋਸ਼ਿਸ਼ਾਂ ਅਸਫਲ ਹੋਣ ਤੋਂ ਬਾਅਦ ਪ੍ਰਸ਼ਾਸਨ ਨੇ ਬਚਾਅ ਕਰਮਚਾਰੀਆਂ ਨੂੰ ਉਸ ਦੇ ਸਰੀਰ ਨਾਲ ਹੁੱਕ ਲਗਾ ਕੇ ਉਸ ਨੂੰ ਬਾਹਰ ਕੱਢਣ ਦੀ ਇਜਾਜ਼ਤ ਦਿੱਤੀ। ਕਰੀਬ 56 ਘੰਟਿਆਂ ਬਾਅਦ ਬਚਾਅ ਟੀਮ ਨੇ ਆਰੀਅਨ ਨੂੰ ਕਰਬ ਰਾਹੀਂ ਬੋਰਵੈੱਲ ਤੋਂ ਬਾਹਰ ਕੱਢਿਆ, ਪਰ ਉਸ ਨੂੰ ਬਚਾਇਆ ਨਹੀਂ ਜਾ ਸਕਿਆ।
ਦੌਸਾ ਜ਼ਿਲ੍ਹੇ ਦੇ ਪਿੰਡ ਕਾਲੀਖੜ ਵਿਚ 9 ਦਸੰਬਰ ਦੀ ਦੁਪਹਿਰ ਤੋਂ ਬਚਾਅ ਮੁਹਿੰਮ ਚੱਲ ਰਹੀ ਸੀ। ਉਸੇ ਦਿਨ ਦੁਪਹਿਰ ਕਰੀਬ 3 ਵਜੇ ਆਰੀਅਨ ਆਪਣੀ ਮਾਂ ਦੇ ਸਾਹਮਣੇ ਖੁੱਲ੍ਹੇ ਬੋਰਵੈੱਲ ‘ਚ ਡਿੱਗ ਗਿਆ ਸੀ। ਹਾਦਸਾ ਘਰ ਤੋਂ ਕਰੀਬ 100 ਫੁੱਟ ਦੂਰ ਵਾਪਰਿਆ। 9 ਦਸੰਬਰ ਨੂੰ ਸਵੇਰੇ 2 ਵਜੇ ਤੋਂ ਬਾਅਦ ਬੋਰਵੈੱਲ ਦੇ ਅੰਦਰ ਬੱਚੇ ਦੀ ਕੋਈ ਹਿਲਜੁਲ ਨਜ਼ਰ ਨਹੀਂ ਆਈ। ਮੈਡੀਕਲ ਟੀਮ ਲਗਾਤਾਰ ਬੋਰਵੈੱਲ ਨੂੰ ਆਕਸੀਜਨ ਸਪਲਾਈ ਕਰ ਰਹੀ ਸੀ।
ਐੱਨ. ਡੀ. ਆਰ. ਐੱਫ., ਐੱਸ. ਡੀ. ਆਰ. ਐੱਫ., ਸਿਵਲ ਡਿਫੈਂਸ ਅਤੇ ਬੋਰਵੈੱਲ ਦੀ ਜਾਣਕਾਰੀ ਰੱਖਣ ਵਾਲੇ ਮਾਹਿਰ ਆਰੀਅਨ ਨੂੰ ਬਚਾਉਣ ਦੀ ਲਗਾਤਾਰ ਕੋਸ਼ਿਸ਼ ਕਰ ਰਹੇ ਸਨ। ਬੋਰਵੈੱਲ ਨੇੜੇ ਪਾਈਲਿੰਗ ਮਸ਼ੀਨ ਨਾਲ ਕਰੀਬ 125 ਫੁੱਟ ਡੂੰਘਾ ਟੋਆ ਪੁੱਟਿਆ ਗਿਆ ਸੀ ਪਰ ਬਾਅਦ ਵਿਚ ਮਸ਼ੀਨ ਟੁੱਟ ਗਈ।ਇਸ ਤੋਂ ਬਾਅਦ ਹੋਰ ਪਾਇਲਰ ਮਸ਼ੀਨ ਮੰਗਵਾ ਕੇ ਟੋਏ ਨੂੰ 150 ਫੁੱਟ ਡੂੰਘਾ ਕੀਤਾ ਗਿਆ।
ਬੋਰਵੈੱਲ ਦੇ ਅੰਦਰ ਦੀ ਮਿੱਟੀ ਧੱਸ ਕੇ ਬੱਚੇ ਦੇ ਉੱਪਰ ਡਿੱਗ ਗਈ ਸੀ। ਆਖਰਕਾਰ, ਦੌਸਾ ਕਲੈਕਟਰ ਦੇਵੇਂਦਰ ਕੁਮਾਰ ਦੀ ਮੌਜੂਦਗੀ ਵਿਚ ਬਚਾਅ ਟੀਮ ਨੂੰ ਇਕ ਹੁੱਕ ਦੀ ਮਦਦ ਨਾਲ ਆਰੀਅਨ ਨੂੰ ਬੋਰਵੈਲ ਵਿੱਚੋਂ ਬਾਹਰ ਕੱਢਣ ਦੀ ਇਜਾਜ਼ਤ ਦਿੱਤੀ ਗਈ। ਮੌਕੇ ‘ਤੇ ਐਂਬੂਲੈਂਸ ਅਤੇ ਮੈਡੀਕਲ ਟੀਮ ਤਾਇਨਾਤ ਕੀਤੀ ਗਈ। ਜਿਵੇਂ ਹੀ ਬੱਚਾ ਬੋਰਵੈੱਲ ਤੋਂ ਬਾਹਰ ਆਇਆ, ਉਸ ਨੂੰ ਐਂਬੂਲੈਂਸ ਵਿਚ ਹਸਪਤਾਲ ਲਿਜਾਇਆ ਗਿਆ। ਜਾਂਚ ਤੋਂ ਬਾਅਦ ਡਾਕਟਰਾਂ ਨੇ ਦੱਸਿਆ ਕਿ ਉਸ ਦੀ ਮੌਤ ਬੋਰਵੈੱਲ ਦੇ ਅੰਦਰ ਹੋਈ ਸੀ।