ਡੇਰਾਬੱਸੀ : ਡੇਰਾਬੱਸੀ ਬਰਵਾਲਾ ਰੋਡ ‘ਤੇ ਪਿੰਡ ਕੂੜਾਵਾਲਾ ‘ਚ ਬੁੱਧਵਾਰ ਰਾਤ ਨੂੰ ਇਕ ਪਤੀ ਨੇ ਕਮਰੇ ‘ਚ ਸੌਂ ਰਹੀ ਨਵ-ਵਿਆਹੁਤਾ ਪਤਨੀ ‘ਤੇ ਚਾਕੂ ਨਾਲ ਹਮਲਾ ਕਰਕੇ ਉਸ ਦਾ ਕਤਲ ਕਰ ਦਿੱਤਾ। ਕਰੀਬ 21 ਸਾਲ ਦੀ ਸੋਨੀਆ ਦਾ ਵਿਆਹ 4 ਦਿਨ ਪਹਿਲਾਂ ਹੀ ਰਾਮ ਲਖਨ ਨਾਲ ਹੋਇਆ ਸੀ, ਜੋ ਨਵ-ਵਿਆਹੁਤਾ ਦਾ ਕਾਤਲ ਬਣ ਗਿਆ ਸੀ। ਉਹ ਬੁੱਧਵਾਰ ਨੂੰ ਹੀ ਕਿਰਾਏ ਦੇ ਕਮਰੇ ‘ਚ ਰਹਿਣ ਲਈ ਪਿੰਡ ਪਹੁੰਚੇ ਸੀ। ਡੇਰਾਬੱਸੀ ਪੁਲਸ ਨੇ ਸੂਚਨਾ ਮਿਲਣ ’ਤੇ ਕਾਰਵਾਈ ਸ਼ੁਰੂ ਕਰ ਦਿੱਤੀ ਅਤੇ ਲਾਸ਼ ਨੂੰ ਡੇਰਾਬੱਸੀ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾਇਆ। ਜਾਣਕਾਰੀ ਮੁਤਾਬਕ ਸੋਨੀਆ ਦੀ ਭੈਣ ਨੇ ਬੁੱਧਵਾਰ ਨੂੰ ਹੀ ਪਿੰਡ ‘ਚ ਅਜੀਤ ਚੌਧਰੀ ਦੇ ਘਰ ਦੇ ਇਕ ਕਮਰੇ ‘ਚ ਨਵੇਂ ਵਿਆਹੇ ਜੋੜੇ ਲਈ ਕਮਰੇ ਦਾ ਇੰਤਜ਼ਾਮ ਕੀਤਾ ਸੀ।
ਘਟਨਾ ਰਾਤ ਕਰੀਬ 9 ਵਜੇ ਦੀ ਦੱਸੀ ਜਾ ਰਹੀ ਹੈ। ਜਾਂਚ ਅਧਿਕਾਰੀ ਏ. ਐੱਸ. ਆਈ. ਪਾਲਚੰਦ ਨੇ ਦੱਸਿਆ ਕਿ ਕਰੀਬ 4 ਦਿਨ ਪਹਿਲਾਂ 20-21 ਸਾਲਾ ਸੋਨੀਆ ਦਾ ਵਿਆਹ ਹੋਇਆ ਸੀ। ਪਤਾ ਲੱਗਾ ਹੈ ਕਿ ਪਰਿਵਾਰ ਅੱਜ ਬੁੱਧਵਾਰ ਨੂੰ ਕਰੀਬ 11 ਵਜੇ ਆਇਆ ਸੀ। ਸ਼ਾਮ ਨੂੰ ਪੇਸ਼ੇ ਤੋਂ ਦਿਹਾੜੀਦਾਰ ਰਾਮ ਲਖਨ ਘਰ ਆਇਆ ਅਤੇ ਲੜਨ ਲਗਾ।
ਉਸ ਨੇ ਸੋਨੀਆ ਦੇ ਮੂੰਹ ‘ਤੇ ਥੱਪੜ ਮਾਰ ਦਿੱਤਾ। ਇਸ ਤੋਂ ਬਾਅਦ ਸੋਨੀਆ ਨੇ ਉਸ ਨੂੰ ਆਪਣੀ ਭੈਣ ਅਤੇ ਜੀਜਾ ਦੇ ਸਾਹਮਣੇ ਥੱਪੜ ਮਾਰ ਦਿੱਤਾ। ਸ਼ਰਾਬ ਦੇ ਨਸ਼ੇ ‘ਚ ਉਹ ਉੱਥੋਂ ਚਲਾ ਗਿਆ ਅਤੇ ਰਾਤ ਕਰੀਬ 9 ਵਜੇ ਜਦੋਂ ਸੋਨੀਆ ਬੈੱਡ ‘ਤੇ ਸੁੱਤੀ ਪਈ ਸੀ ਤਾਂ ਪਤਾ ਲੱਗਾ ਕਿ ਰਾਮ ਲਖਨ ਨੇ ਸੋਨੀਆ ਦੇ ਮੂੰਹ ਅਤੇ ਧੌਣ ‘ਤੇ ਚਾਕੂ ਨਾਲ ਕਈ ਵਾਰ ਕੀਤੇ ਹਨ। ਸੋਨੀਆ ਦੀਆਂ ਚੀਕਾਂ ਸੁਣ ਕੇ ਕਈ ਗੁਆਂਢੀ ਉਸ ਦੇ ਕਮਰੇ ਵਿਚ ਪਹੁੰਚੇ। ਇਕ ਗੁਆਂਢੀ ਓਮਪ੍ਰਕਾਸ਼ ਨੇ ਦੱਸਿਆ ਕਿ ਸੋਨੀਆ ਬੈੱਡ ‘ਤੇ ਲਹੂ-ਲੁਹਾਨ ਹਾਲਤ ‘ਚ ਬੇਹੋਸ਼ ਪਈ ਸੀ।
ਜਦੋਂ ਤੱਕ ਉਸ ਨੂੰ ਡੇਰਾਬੱਸੀ ਸਿਵਲ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਘਟਨਾ ਤੋਂ ਬਾਅਦ ਗੁਆਂਢੀਆਂ ਨੇ ਕਾਤਲ ਪਤੀ ਨੂੰ ਫੜ੍ਹ ਕੇ ਪੁਲਸ ਹਵਾਲੇ ਕਰ ਦਿੱਤਾ।