ਕੈਲੀਫੋਰਨੀਆ- ਅਮਰੀਕਾ ਦੇ ਉੱਤਰੀ ਕੈਲੀਫੋਰਨੀਆ ਵਿਚ ਇੱਕ 22 ਸਾਲਾ ਔਰਤ ਦਾ ਉਸਦੇ 2 ਸਾਲਾ ਪੁੱਤਰ ਨੇ ਗਲਤੀ ਨਾਲ ਗੋਲੀ ਮਾਰ ਕੇ ਕਤਲ ਕਰ ਦਿੱਤਾ, ਜਦੋਂ ਬੱਚੇ ਨੇ ਮਾਂ ਦੇ ਪ੍ਰੇਮੀ ਦੀ ਲੋਡਡ ਬੰਦੂਕ ਦਾ ਟਰਿੱਗਰ ਦਬਾ ਦਿੱਤਾ। ਇਹ ਘਟਨਾ ਔਰਤ ਦੇ ਉੱਤਰੀ ਕੈਲੀਫੋਰਨੀਆ ਦੇ ਅਪਾਰਟਮੈਂਟ ਦੇ ਅੰਦਰ ਵਾਪਰੀ। ਪੁਲਸ ਨੇ ਕਿਹਾ ਕਿ ਇਸ ਘਟਨਾ ਨੂੰ ਰੋਕਿਆ ਜਾ ਸਕਦਾ ਸੀ। ਔਰਤ ਦੀ ਪਛਾਣ ਜੈਸੀਨੀਆ ਮੀਨਾ ਵਜੋਂ ਹੋਈ ਹੈ। ਪੁਲਸ ਨੇ ਮੀਨਾ ਦੇ 18 ਸਾਲਾ ਪ੍ਰੇਮੀ ਐਂਡਰਿਊ ਸਾਂਚੇਜ਼ ਨੂੰ ਗ੍ਰਿਫਤਾਰ ਕਰ ਲਿਆ ਹੈ।
ਫਰਿਜ਼ਨੋ ਪੁਲਸ ਵਿਭਾਗ ਨੇ ਕਿਹਾ ਕਿ ਜਦੋਂ ਮੀਨਾ ਅਤੇ ਉਸ ਦਾ ਪ੍ਰੇਮੀ ਕਮਰੇ ਵਿਚ ਆਰਾਮ ਕਰ ਰਹੇ ਸਨ ਤਾਂ ਬੱਚੇ ਨੇ ਗਲਤੀ ਨਾਲ ਮੀਨਾ’ਤੇ ਗੋਲੀ ਚਲਾ ਦਿੱਤੀ, ਜਿਸ ਨਾਲ ਉਸ ਦੀ ਮੌਤ ਹੋ ਗਈ। ਮੀਨਾ ਇੱਕ ਅੱਠ ਮਹੀਨੇ ਦੀ ਬੇਟੀ ਦੀ ਮਾਂ ਵੀ ਹੈ। ਪੁਲਸ ਅਨੁਸਾਰ, ਸਾਂਚੇਜ਼ ਨੇ ਲਾਪਰਵਾਹੀ ਨਾਲ ਲੋਡ ਕੀਤੀ ਬੰਦੂਕ ਨੂੰ ਉਸ ਸਥਾਨ ‘ਤੇ ਛੱਡ ਦਿੱਤਾ ਜਿੱਥੇ ਬੱਚੇ ਇਸ ਤੱਕ ਪਹੁੰਚ ਆਸਾਨੀ ਨਾਲ ਪਹੁੰਚ ਸਕਦੇ ਸਨ। ਸਾਂਚੇਜ਼ ਨੂੰ ਮੌਕੇ ‘ਤੇ ਹਿਰਾਸਤ ਵਿਚ ਲਿਆ ਗਿਆ ਅਤੇ ਉਸ ਤੋਂ ਪੁੱਛ-ਗਿਛ ਕੀਤੀ ਗਈ। ਘਟਨਾ ਵਿਚ ਵਿੱਚ ਵਰਤੀ ਗਈ ਬੰਦੂਕ ਨੂੰ ਵੀ ਸਬੂਤ ਦੇ ਤੌਰ ‘ਤੇ ਜ਼ਬਤ ਕਰ ਲਿਆ ਗਿਆ ਹੈ। ਸਾਂਚੇਜ਼ ਨੂੰ ਪੀਸੀ 273(ਏ)ਏ – ਬਾਲ ਅਪਰਾਧ ਅਤੇ ਪੀਸੀ 25100(ਏ)- ਬੰਦੂਕ ਦੇ ਅਪਰਾਧਿਕ ਸਟੋਰੇਜ ਲਈ ਫਰਿਜ਼ਨੋ ਕਾਉਂਟੀ ਜੇਲ੍ਹ ਵਿੱਚ ਰੱਖਿਆ ਗਿਆ ਹੈ।