ਡੇਰਾਬੱਸੀ : ਰਾਮਗੜ੍ਹ ਰੋਡ ’ਤੇ ਮੁਬਾਰਕਪੁਰ ’ਚ ਏ. ਕੇ. ਐੱਮ. ਨਾਮਕ ਭੱਠੇ ’ਤੇ ਪਾਣੀ ਦੇ ਟੋਏ ’ਚ ਡੁੱਬਣ ਨਾਲ 14 ਮਹੀਨੇ ਦੀ ਮਾਸੂਮ ਬੱਚੀ ਦੀ ਮੌਤ ਹੋ ਗਈ। ਟੋਆ ਭਾਂਡੇ ਆਦਿ ਧੋਣ ਵਾਲੇ ਗੰਦੇ ਪਾਣੀ ਨੂੰ ਇਕੱਠਾ ਕਰਨ ਲਈ ਪੁੱਟਿਆ ਹੋਇਆ ਸੀ। ਇਸ ’ਚ ਖੇਡਦਿਆਂ-ਖੇਡਦਿਆਂ ਮਾਸੂਮ ਡਿੱਗ ਗਈ। ਮ੍ਰਿਤਕ ਕੁੜੀ ਦੀ ਪਛਾਣ ਸੁਨੈਨਾ ਵਜੋਂ ਹੋਈ ਹੈ। ਪੁਲਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਬਿਹਾਰ ਦੇ ਨਾਲੰਦਾ ਜ਼ਿਲ੍ਹੇ ਦਾ ਰਹਿਣ ਵਾਲਾ ਕੁੰਦਨਦੀਨ ਆਪਣੇ ਪਰਿਵਾਰ ਸਮੇਤ ਏ. ਕੇ. ਐੱਮ. ਇੱਟ ਭੱਠੇ ’ਚ ਬਣੇ ਕਮਰਿਆਂ ’ਚ ਰਹਿ ਰਿਹਾ ਸੀ। ਕੁੰਦਨ ਅਤੇ ਉਸ ਦਾ ਪਿਤਾ ਕੰਮ ’ਤੇ ਸਨ, ਜਦੋਂ ਕਿ ਕੁੰਦਨ ਦੀ ਪਤਨੀ ਵਨੀਤਾ ਅਤੇ ਉਨ੍ਹਾਂ ਦੀ 14 ਮਹੀਨਿਆਂ ਦੀ ਧੀ ਸੁਨੈਨਾ ਪਿੱਛੇ ਮੌਜੂਦ ਸਨ। ਭਾਂਡੇ ਧੋਣ ਤੋਂ ਬਾਅਦ ਗੰਦਾ ਪਾਣੀ ਇਕੱਠਾ ਕਰਨ ਲਈ ਕਮਰੇ ਦੇ ਬਾਹਰ ਇਕ ਛੋਟਾ ਜਿਹਾ ਟੋਆ ਹੈ। ਜਿੱਥੇ ਵਨੀਤਾ ਭਾਂਡੇ ਧੋ ਰਹੀ ਸੀ, ਜਦੋਂ ਕਿ ਸੁਨੈਨਾ ਕੋਲ ਬੈਠੀ ਖੇਡ ਰਹੀ ਸੀ।
ਇਸ ਦੌਰਾਨ ਸੁਨੈਨਾ ਟੋਏ ’ਚ ਡਿੱਗ ਗਈ। 10 ਮਿੰਟ ਬਾਅਦ ਉਸ ਦੀ ਮਾਂ ਬਾਹਰ ਆਈ ਤੇ ਸੁਨੈਨਾ ਦੀ ਇਧਰ-ਉਧਰ ਭਾਲ ਕਰਨ ਲੱਗੀ। ਬਾਅਦ ’ਚ ਸੁਨੈਨਾ ਪਾਣੀ ’ਚ ਬੇਹੋਸ਼ ਪਈ ਮਿਲੀ। ਉਸ ਨੂੰ ਬਾਹਰ ਕੱਢ ਕੇ ਡੇਰਾਬੱਸੀ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮੁਬਾਰਕਪੁਰ ਪੁਲਸ ਨੇ ਲਾਸ਼ ਨੂੰ ਮੁਰਦਾਘਰ ’ਚ ਰਖਵਾ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।