ਅੰਮ੍ਰਿਤਸਰ – ਅੰਮ੍ਰਿਤਸਰ ਦਿਹਾਤੀ ਥਾਣਾ ਘਰਿੰਡਾ ਦੇ ਅਧੀਨ ਆਉਂਦੀ ਪੁਲਸ ਚੌਕੀ ਵੱਲੋਂ ਦੋ ਨੌਜਵਾਨਾਂ ਨੂੰ ਮੁੱਖਬਰ ਦੀ ਸੂਚਨਾ ਦੇ ਅਧਾਰ ‘ਤੇ ਕਾਬੂ ਕੀਤਾ ਗਿਆ ਸੀ। ਕਸਟਡੀ ਦੌਰਾਨ ਇੱਕ ਨੌਜਵਾਨ ਵੱਲੋਂ ਅਪਣੇ ਆਪ ਨੂੰ ਗੋਲੀ ਮਾਰ ਲਈ ਗਈ। ਮ੍ਰਿਤਕ ਨੌਜਵਾਨ ਦਾ ਨਾਂ ਮਨਜੀਤ ਸਿੰਘ ਦੱਸਿਆ ਜਾ ਰਿਹਾ ਹੈ। ਜਿਸ ਦੇ ਪੀੜਤ ਪਰਿਵਾਰ ਨੇ ਥਾਣਾ ਘਰਿੰਡਾ ਦਾ ਘਿਰਾਓ ਕਰਨ ਦੀ ਕੋਸ਼ਿਸ਼ ਕੀਤੀ ਹੈ।
ਇਸ ਮੌਕੇ ਡੀ. ਐੱਸ. ਪੀ. ਲਖਵਿੰਦਰ ਸਿੰਘ ਕਲੇਅਰ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਅਸੀਂ ਮੁਖਬਰ ਦੀ ਸੂਚਨਾ ਦੇ ਅਧਾਰ ‘ਤੇ ਦੋ ਨੌਜਵਾਨਾਂ ਨੂੰ ਕਾਬੂ ਕੀਤਾ ਸੀ ਜਿਸ ਦੇ ਚਲਦੇ ਇਕ ਨੌਜਵਾਨ ਮਨਜੀਤ ਸਿੰਘ ਨੇ ਪੁਲਸ ਕਸਟਡੀ ‘ਚ ਆਪਣੇ ਆਪ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਗਈ। ਉਨ੍ਹਾਂ ਨੇ ਦੱਸਿਆ ਕਿ ਜਿਸ ਪਿਸਤੌਲ ਦੇ ਨਾਲ ਉਸਨੇ ਗੋਲੀ ਮਾਰੀ ਹੈ ਉਸ ਦਾ ਲਾਇਸੈਂਸੀ ਪਿਸਤੌਲ ਸੀ। ਪੁਲਸ ਅਧਿਕਾਰੀ ਦਾ ਕਹਿਣਾ ਹੈ ਕਿ ਅਸੀਂ ਜਾਂਚ ਕਰ ਰਹੇ ਹਾਂ, ਜਾਂਚ ਤੋਂ ਬਾਅਦ ਸਾਰੇ ਤੱਥ ਸਾਹਮਣੇ ਆਉਗੇ ਉਸ ਹਿਸਾਬ ਨਾਲ ਬਣਦੀ ਕਰਵਾਈ ਕੀਤੀ ਜਾਵੇਗੀ।
ਇਸ ਮੌਕੇ ਪੀੜਤ ਪਰਿਵਾਰ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਨ੍ਹਾਂ ਦਾ ਮੁੰਡਾ ਮਨਜੀਤ ਸਿੰਘ ਜੋ ਕਿ ਵਿਆਹਿਆ ਹੋਇਆ ਹੈ ।ਉਨ੍ਹਾਂ ਕਿਹਾ ਕਿ ਉਹ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਕਰਦਾ ਹੈ ਤੇ ਸਿੱਖੀ ਲਈ ਪ੍ਰੇਰਿਤ ਵੀ ਕਰਦਾ ਹੈ। ਉਨ੍ਹਾਂ ਕਿਹਾ ਕਿ ਨਾ ਹੀ ਸਾਡਾ ਮੁੰਡਾ ਬੁਝਦਿਲ ਸੀ ਜੋ ਆਪਣੇ ਆਪ ਨੂੰ ਗੋਲੀ ਮਾਰ ਲਵੇ, ਇਹ ਸਾਰੀ ਪੁਲਸ ਵੱਲੋਂ ਸਾਜਿਸ਼ ਰਚੀ ਜਾ ਰਹੀ ਹੈ। ਅਸੀਂ ਪੁਲਸ ਪ੍ਰਸ਼ਾਸਨ ਕੋਲੋਂ ਇਨਸਾਫ਼ ਦੀ ਮੰਗ ਕਰਦੇ ਹਾਂ ਤੇ ਚਾਹੁੰਦੇ ਹਾਂ ਕਿ ਪੁਲਸ ਪ੍ਰਸ਼ਾਸਨ ਚੌਂਕੀ ਖਾਸਾ ਉਨ੍ਹਾਂ ਅਧਿਕਾਰੀਆਂ ਨੂੰ ਸਸਪੈਂਡ ਕਰੇ ਜਿਨ੍ਹਾਂ ਨੇ ਉਨ੍ਹਾਂ ਦੇ ਮੁੰਡੇ ਨੂੰ ਪੁਲਸ ਕਸਟਡੀ ‘ਚ ਲਿਆ ਸੀ।