ਚੰਡੀਗੜ੍ਹ : ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਪ੍ਰਸ਼ਾਸਨ ਦੀ ਐਡਵਾਇਜ਼ਰੀ ਨਹੀਂ ਮੰਨੀ ਤੇ ਸ਼ਰਾਬ ਤੇ ਹਥਿਆਰ ’ਤੇ ਗਾਣਾ ਗਾਇਆ। ਦਿਲਜੀਤ ਨੇ ਪ੍ਰੋਗਰਾਮ ਦੀ ਸ਼ੁਰੂਆਤ ਹੀ ‘ਪੰਜ ਤਾਰਾ’ ਗਾਣਾ ਗਾ ਕੇ ਕੀਤੀ। ਉਨ੍ਹਾਂ ਨੇ ‘ਪਟਿਆਲਾ ਪੈਗ’ ਗਾਣਾ ਵੀ ਗਾਇਆ ਜਦੋਂਕਿ ਬਾਲ ਸੁਰੱਖਿਆ ਕਮਿਸ਼ਨ ਨੇ ਦਿਲਜੀਤ ਤੇ ਉਨ੍ਹਾਂ ਦੀ ਕੰਪਨੀ ਨੂੰ ਐਡਵਾਇਜ਼ਰੀ ਜਾਰੀ ਕੀਤੀ ਸੀ ਕਿ ਸ਼ੋਅ ’ਚ ‘ਪੰਜ ਤਾਰਾ’ ਤੇ ‘ਪਟਿਆਲਾ ਪੈੱਗ’ ਨਾ ਗਾਇਆ ਜਾਵੇ। ਦਿਲਜੀਤ ਨੇ ਐਡਵਾਇਜ਼ਰੀ ਨਹੀਂ ਮੰਨੀ। ਪ੍ਰਸ਼ਾਸਨ ਦੇ ਨਾਲ-ਨਾਲ ਬਾਲ ਕਮਿਸ਼ਨ ਦੀ ਵੀ ਇਸ ਸ਼ੋਅ ’ਤੇ ਨਜ਼ਰ ਸੀ। ਬਾਲ ਕਮਿਸ਼ਨ ਹੁਣ ਦਿਲਜੀਤ ਨੂੰ ਨੋਟਿਸ ਜਾਰੀ ਕਰਨ ਜਾ ਰਿਹਾ ਹੈ। ਕਮਿਸ਼ਨ ਨੇ ਇਹ ਵੀ ਕਿਹਾ ਸੀ ਕਿ ਕਿਸੇ ਵੀ ਬੱਚੇ ਨੂੰ ਸਟੇਜ ’ਤੇ ਨਾ ਬੁਲਾਇਆ ਜਾਵੇ।
ਦਿਲਜੀਤ ਨੇ ਸਟੇਜ ’ਤੇ ਪੁੱਜਦੇ ਹੀ ਭੀੜ ਨੂੰ ‘ਪੰਜਾਬੀ’ ਕਹਿ ਕੇ ਸੰਬੋਧਨ ਕੀਤਾ। ਦਿਲਜੀਤ ਨੇ ਵਰਲਡ ਚੈੱਸ ਚੈਂਪੀਅਨ ਡੀ ਗੁਕੇਸ਼ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਕਿਹਾ ਕਿ ਵਰਲਡ ਚੈੱਸ ਚੈਂਪੀਅਨ ਦੇ ਰਾਹ ’ਚ ਕਈ ਮੁਸੀਬਤਾਂ ਆਈਆਂ ਤੇ ਉਨ੍ਹਾਂ ਨੂੰ ਵੀ ਕਈ ਮੁਸੀਬਤਾਂ ਦਾ ਸਾਹਮਣਾ ਹਰ ਰੋਜ਼ ਕਰਨਾ ਪੈਂਦਾ ਹੈ।