ਵਾਸ਼ਿੰਗਟਨ- ਅਮਰੀਕਾ ਤੋਂ ਇਕ ਵਾਰ ਫਿਰ ਦੁੱਖਦਾਇਕ ਖ਼ਬਰ ਸਾਹਮਣੇ ਆਈ ਹੈ। ਇੱਥੇ ਵਾਪਰੇ ਸੜਕ ਹਾਦਸੇ ਵਿੱਚ ਇੱਕ ਭਾਰਤੀ ਵਿਦਿਆਰਥਣ ਦੀ ਮੌਤ ਹੋ ਗਈ ਹੈ। ਇਸ ਹਾਦਸੇ ‘ਚ ਦੋ ਹੋਰ ਭਾਰਤੀ ਵਿਦਿਆਰਥੀ ਵੀ ਜ਼ਖਮੀ ਹੋ ਗਏ, ਜਿਨ੍ਹਾਂ ‘ਚੋਂ ਇਕ ਦੀ ਹਾਲਤ ਗੰਭੀਰ ਬਣੀ ਹੋਈ ਹੈ। ਇਹ ਘਟਨਾ ਸ਼ੁੱਕਰਵਾਰ ਅੱਧੀ ਰਾਤ ਨੂੰ ਵਾਪਰੀ, ਜਦੋਂ ਅਮਰੀਕਾ ਦੇ ਟੈਨੇਸੀ ਸੂਬੇ ਦੇ ਮੈਮਫਿਸ ਇਲਾਕੇ ‘ਚ ਇਕ ਵਾਹਨ ਨੇ ਕਾਰ ਨੂ ਟੱਕਰ ਮਾਰ ਦਿੱਤੀ। ਟੱਕਰ ਕਾਰਨ ਕਾਰ ਵਿੱਚ ਸਵਾਰ ਭਾਰਤੀ ਵਿਦਿਆਰਥਣ ਦੀ ਮੌਤ ਹੋ ਗਈ।
ਮ੍ਰਿਤਕਾ ਦੀ ਪਛਾਣ ਨਾਗਾ ਸ੍ਰੀ ਵੰਦਨਾ ਪਰਿਮਾਲਾ (26) ਵਜੋਂ ਹੋਈ ਹੈ, ਜੋ ਆਂਧਰਾ ਪ੍ਰਦੇਸ਼ ਦੇ ਗੁੰਟੂਰ ਜ਼ਿਲ੍ਹੇ ਦੀ ਰਹਿਣ ਵਾਲੀ ਸੀ। ਇੱਕ ਕਾਰੋਬਾਰੀ ਦੀ ਬੇਟੀ ਵੰਦਨਾ ਸਾਲ 2022 ਵਿੱਚ ਉੱਚ ਸਿੱਖਿਆ ਹਾਸਲ ਕਰਨ ਲਈ ਅਮਰੀਕਾ ਗਈ ਸੀ। ਵੰਦਨਾ ਅਮਰੀਕਾ ਦੀ ਮੈਮਫ਼ਿਸ ਯੂਨੀਵਰਸਿਟੀ ਤੋਂ ਮਾਸਟਰ ਆਫ਼ ਸਾਇੰਸ ਦੀ ਪੜ੍ਹਾਈ ਕਰ ਰਹੀ ਸੀ। ਜਿਸ ਹਾਦਸੇ ਵਿਚ ਵੰਦਨਾ ਦੀ ਜਾਨ ਚਲੀ ਗਈ, ਉਥੇ ਹੀ ਦੋ ਹੋਰ ਵਿਦਿਆਰਥੀ ਪਵਨ ਅਤੇ ਨਿਕਿਤ ਵੀ ਜ਼ਖਮੀ ਹੋ ਗਏ। ਦੋਵਾਂ ਦਾ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ। ਜਾਂਚ ‘ਚ ਸਾਹਮਣੇ ਆਇਆ ਕਿ ਇਕ ਵਾਹਨ ਕੰਟਰੋਲ ਗੁਆ ਬੈਠਾ ਅਤੇ ਕਾਰ ਨਾਲ ਟਕਰਾ ਗਿਆ, ਜਿਸ ਕਾਰਨ ਵੰਦਨਾ ਦੀ ਮੌਤ ਹੋ ਗਈ।