ਦੇਵੀਗੜ੍ਹ ਦੇਵੀਗੜ੍ਹ ਤੋਂ ਹਰਿਆਣਾ ਦੇ ਕਸਬਾ ਨਨਿਓਲਾ ਨੂੰ ਜਾਂਦੀ ਸੜਕ ’ਚ ਪਏ ਖੱਡਿਆਂ ਕਾਰਨ ਨਿੱਤ ਨਵੇਂ ਦਿਨ ਕੋਈ ਨਾ ਕੋਈ ਹਾਦਸਾ ਵਾਪਰਦਾ ਰਹਿੰਦਾ ਹੈ। ਇਸੇ ਤਰ੍ਹਾਂ ਬੀਤੇ ਦਿਨ ਸਵੇਰੇ-ਸਵੇਰੇ ਪਿੰਡ ਜੁਲਕਾਂ ਨੇੜੇ ਇਕ ਵੱਡੇ ਖੱਡੇ ’ਚ ਮੋਟਰਸਾਈਕਲ ਵੱਜਣ ਕਾਰਨ 3 ਨੌਜਵਾਨਾਂ ਦੀ ਹਸਪਤਾਲ ਲਿਜਾਂਦਿਆਂ ਮੌਤ ਹੋ ਗਈ ਹੈ, ਜਦਕਿ ਇਕ ਨੌਜਵਾਨ ਗੰਭੀਰ ਜ਼ਖਮੀ ਹਾਲਤ ’ਚ ਹਸਪਤਾਲ ਦਾਖਲ ਹੈ।
ਰਾਹਗੀਰਾਂ ਦੇ ਦੱਸਣ ਮੁਤਾਬਕ ਸਵੇਰੇ ਸਵੇਰੇ ਦੇਵੀਗੜ੍ਹ ਨਨਿਓਲਾ ਸੜਕ ’ਤੇ 4 ਨੌਜਵਾਨ ਇਕ ਮੋਟਰਸਾਈਕਲ ’ਤੇ ਪਿੰਡ ਮੁਰਾਦਮਾਜਰਾ ਤੋਂ ਦੇਵੀਗੜ੍ਹ ਵੱਲ ਨੂੰ ਆ ਰਹੇ ਸਨ। ਪਿੰਡ ਜੁਲਕਾਂ ਨੇੜੇ ਸੜਕ ’ਚ ਪਏ ਇਕ ਵੱਡੇ ਖੱਡੇ ’ਚ ਮੋਟਰਸਾਈਕਲ ਵੱਜਣ ਕਾਰਨ ਮੋਟਰਸਾਈਕਲ ਸੜਕ ’ਤੇ ਡਿੱਗ ਗਿਆ, ਜਿਸ ਕਾਰਨ ਨੌਜਵਾਨਾਂ ਦੇ ਸਿਰ ਅਤੇ ਹੋਰ ਗੰਭੀਰ ਸੱਟਾਂ ਵੱਜੀਆਂ। ਉਨ੍ਹਾਂ ਨੂੰ ਐਂਬੂਲੈਂਸ ਰਾਹੀਂ ਰਾਜਿੰਦਰਾ ਹਸਪਤਾਲ ਪਟਿਆਲਾ ਲਿਜਾਇਆ ਜਾ ਰਿਹਾ ਸੀ, ਇਨ੍ਹਾਂ ਚਾਰਾਂ ’ਚੋਂ 3 ਦੀ ਮੌਤ ਹੋ ਗਈ।
ਹਸਪਤਾਲ ’ਚ ਡਾਕਟਰਾਂ ਨੇ ਤਿੰਨਾਂ ਨੂੰ ਮ੍ਰਿਤਕ ਕਰਾਰ ਦੇ ਦਿੱਤਾ, ਜਦੋਂ ਕਿ ਇਕ ਨੌਜਵਾਨ ਗੰਭੀਰ ਜ਼ਖਮੀ ਹਸਪਤਾਲ ਦਾਖਲ ਹੈ, ਜਿਸ ਦਾ ਇਲਾਜ ਚੱਲ ਰਿਹਾ ਹੈ। ਜਿਨ੍ਹਾਂ ਨੌਜਵਾਨਾਂ ਦੀ ਮੌਤ ਹੋਈ ਉਨ੍ਹਾਂ ’ਚ ਰਾਹੁਲ (20) ਪੁੱਤਰ ਸੁੱਚਾ ਸਿੰਘ ਜੋ ਕਿ ਮੋਟਰਸਾਈਕਲ ਠੀਕ ਕਰਨ ਦਾ ਕੰਮ ਸਿੱਖ ਰਿਹਾ ਸੀ।
ਗੁਰਵਿੰਦਰ ਸਿੰਘ ਪੁੱਤਰ ਗੁਰਮੀਤ ਸਿੰਘ (16) ਬਾਰ੍ਹਵੀਂ ਜਮਾਤ ਦਾ ਵਿਦਿਆਰਥੀ ਸੀ ਅਤੇ ਵਿਕਾਸ (16) ਪੁੱਤਰ ਦੀਪ ਚੰਦ 10ਵੀਂ ਜਮਾਤ ਦਾ ਵਿਦਿਆਰਥੀ ਸੀ ਅਤੇ ਰਾਹੁਲ ਪੁੱਤਰ ਗੁਰਵਿੰਦਰ ਸਿੰਘ ਜਿਸ ਦੇ ਪੱਟ ’ਤੇ ਸੱਟ ਲੱਗੀ ਹੈ। ਥਾਣਾ ਜੁਲਕਾਂ ਦੀ ਪੁਲਸ ਨੇ ਦੱਸਿਆ ਕਿ ਮਾਮਲੇ ਦੀ ਛਾਣਬੀਣ ਕੀਤੀ ਜਾ ਰਹੀ ਹੈ। ਕਾਨੂੰਨ ਮੁਤਾਬਕ ਬਣਦੀ ਕਾਰਵਾਈ ਕੀਤੀ ਜਾਵੇਗੀ।