ਲੁਧਿਆਣਾ: ਬੀਤੇ ਦਿਨੀਂ ਮਹਾਨਗਰ ’ਚ ਇਕ ਦਰਦਨਾਕ ਘਟਨਾ ’ਚ ਦੂਜੀ ਕਲਾਸ ਦੀ ਮਾਸੂਮ ਵਿਦਿਆਰਥਣ ਦੀ ਮੌਤ ਹੋ ਗਈ। ਚਾਲਕ ਵੱਲੋਂ ਸਕੂਲ ਬੱਸ ਬੈਕ ਕਰਦੇ ਸਮੇਂ ਬੱਚੀ ਲਪੇਟ ’ਚ ਆ ਗਈ ਅਤੇ ਪਿਛਲੇ ਟਾਇਰਾਂ ਦੇ ਥੱਲੇ ਕੁਚਲੀ ਗਈ, ਜਦੋਂ ਤੱਕ ਉਸ ਨੂੰ ਹਸਪਤਾਲ ਲਿਜਾਇਆ ਗਿਆ, ਉਸ ਦੀ ਮੌਤ ਹੋ ਚੁੱਕੀ ਸੀ। ਮ੍ਰਿਤਕਾ ਭਾਮੀਆਂ ਰੋਡ ਦੇ ਜੀ. ਕੇ. ਅਸਟੇਟ ਦੀ ਰਹਿਣ ਵਾਲੀ 7 ਸਾਲ ਦੀ ਅਮਾਇਰਾ ਹੈ, ਜੋ ਦੂਜੀ ਕਲਾਸ ’ਚ ਪੜ੍ਹਦੀ ਸੀ। ਬੀਤੇ ਦਿਨੀਂ ਬੱਚੀ ਦੇ ਪਰਿਵਾਰਕ ਮੈਂਬਰਾਂ ਵੱਲੋਂ ਸਕੂਲ ਵਿਚ ਪ੍ਰਦਰਸ਼ਨ ਕੀਤਾ ਗਿਆ ਸੀ। ਇਸ ਕਾਰਨ ਅੱਜ ਯਾਨੀ ਮੰਗਲਵਾਰ ਨੂੰ ਬੀਸੀਐੱਮ ਸਕੂਲ ਵਿਚ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਘਟਨਾ ਤੋਂ ਬਾਅਦ ਸਕੂਲ ਦੇ ਬਾਕੀ ਵਿਦਿਆਰਥੀ ਵੀ ਕਾਫ਼ੀ ਸਹਿਮੇ ਹੋਏ ਹਨ।
ਦੱਸ ਦਈਏ ਕਿ ਬੀਤੇ ਦਿਨੀਂ ਪਰਿਵਾਰ ਵੱਲੋਂ ਸਕੂਲ ਵਿਚ ਪ੍ਰਦਰਸ਼ਨ ਕੀਤਾ ਗਿਆ ਹੈ। ਇਸ ਦੀ ਸੂਚਨਾ ਤੋਂ ਬਾਅਦ ਏ. ਸੀ. ਪੀ. ਸੁਮਿਤ ਸੂਦ, ਥਾਣਾ ਡਵੀਜ਼ਨ ਨੰ. 7 ਦੇ ਐੱਸ. ਐੱਚ. ਓ. ਭੁਪਿੰਦਰ ਸਿੰਘ ਪੁਲਸ ਪਾਰਟੀ ਨਾਲ ਪੁੱਜ ਗਏ। ਪੁਲਸ ਨੇ ਕਾਰਵਾਈ ਦਾ ਭਰੋਸਾ ਦੇ ਕੇ ਪਰਿਵਾਰ ਨੂੰ ਸ਼ਾਂਤ ਕੀਤਾ। ਇਸ ਤੋਂ ਬਾਅਦ ਪੁਲਸ ਨੇ ਬੱਸ ਡਰਾਈਵਰ ਸਿਮਰਨਜੀਤ ਸਿੰਘ ਖਿਲਾਫ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ। ਪੁਲਸ ਨੇ ਬੱਚੀ ਦੀ ਲਾਸ਼ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ ’ਚ ਰਖਵਾ ਦਿੱਤੀ ਹੈ।