ਜਲੰਧਰ — ਜਲੰਧਰ ਵਿਚ ਵੱਡੀ ਵਾਰਦਾਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਥੇ ਆਮ ਆਦਮੀ ਪਾਰਟੀ ਦੇ ਇਕ ਵਰਕਰ ਦੇ ਘਰ ਵਿਚ ਦਾਖ਼ਲ ਹੋ ਕੇ ਉਸ ਨੂੰ ਗੋਲ਼ੀਆਂ ਮਾਰ ਦਿੱਤੀਆਂ ਗਈਆਂ। ਗੋਲ਼ੀ ਲੱਗਣ ਕਾਰਨ ਵਿਅਕਤੀ ਆਮ ਆਦਮੀ ਪਾਰਟੀ ਦਾ ਵਰਕਰ ਜ਼ਖ਼ਮੀ ਹੋ ਗਿਆ। ਜ਼ਖ਼ਮੀ ਵਰਕਰ ਦੀ ਪਛਾਣ ਵਿਵੇਕ ਮੱਟੂ ਵਾਸੀ ਪੱਟੀ ਸਾਹਨ ਵਜੋਂ ਹੋਈ ਹੈ। ਮੱਟੂ ਦੇ ਪੈਰ ‘ਤੇ ਗੋਲ਼ੀ ਲੱਗੀ ਹੈ, ਜਿਸ ਤੋਂ ਬਾਅਦ ਜ਼ਖ਼ਮੀ ਨੂੰ ਪਰਿਵਾਰ ਵਾਲੇ ਸਿਵਲ ਹਸਪਤਾਲ ਲੈ ਗਏ, ਜਿੱਥੇ ਉਹ ਇਲਾਜ ਅਧੀਨ ਹੈ। ਥਾਣਾ ਸਿਟੀ ਸਦਰ ਦੇ ਐੱਸ. ਐੱਚ. ਓ. ਸੁਰੇਸ਼ ਕੁਮਾਰ ਅਤੇ ਜੰਡਿਆਲਾ ਚੌਂਕੀ ਦੇ ਇੰਚਾਰਜ ਜਸਵੀਰ ਚੰਦ ਮਾਮਲੇ ਦੀ ਜਾਂਚ ਕਰ ਰਹੇ ਹਨ।
ਜਾਣਕਾਰੀ ਮੁਤਾਬਕ ਵਿਵੇਕ ਮੱਟੂ ਦੀ ਪਿੰਡ ਦੇ ਹੀ ਮਨਜੀਤ ਸਿੰਘ ਉਰਫ਼ ਮਨੀ ਬਾਵਾ ਅਤੇ ਅਮਨਦੀਪ ਥਾਪਰ ਉਰਫ਼ ਬਿੱਲਾ ਨਾਂ ਦੇ ਨੌਜਵਾਨਾਂ ਨਾਲ ਰੰਜਿਸ਼ ਚੱਲ ਰਹੀ ਸੀ। ਤਿੰਨਾਂ ਵਿਚਾਲੇ ਲੜਾਈ ਵੀ ਹੋ ਚੁੱਕੀ ਸੀ। ਇਸੇ ਰੰਜਿਸ਼ ਕਾਰਨ ਉਕਤ ਦੋਸ਼ੀਆਂ ਵੱਲੋਂ ਗੋਲ਼ੀਆਂ ਮਾਰੀਆਂ ਗਈਆਂ ਹਨ। ਪੁਲਸ ਨੇ ਘਟਨਾ ਸਥਾਨ ਤੋਂ ਗੋਲ਼ੀਆਂ ਦੇ ਖੋਲ੍ਹ ਬਰਾਮਦ ਕੀਤੇ ਹਨ। ਦੋਸ਼ੀਆਂ ਨੇ ਮੱਟੂ ਨੂੰ ਉਸ ਘਰ ਵਿਚ ਦਾਖ਼ਲ ਹੋ ਕੇ ਗੋਲ਼ੀਆਂ ਮਾਰੀਆਂ, ਜਿਸ ਵਿਚੋਂ ਇਕ ਗੋਲ਼ੀ ਉਸ ਦੇ ਪੈਰ ਵਿਚ ਲੱਗੀ ਸੀ। ਫਿਲਹਾਲ ਮੱਟੂ ਦੀ ਰਾਲਤ ਖ਼ਤਰੇ ਵਿਚੋਂ ਬਾਹਰ ਦੱਸੀ ਜਾ ਰਹੀ ਹੈ। ਉਥੇ ਹੀ ਇਸ ਮਾਮਲੇ ਵਿਚ ਥਾਣਾ ਸਦਰ ਦੀ ਪੁਲਸ ਨੇ ਦੋਸ਼ੀ ਪਾਏ ਗਏ ਮਨੀ ਬਾਵਾ ਅਤੇ ਉਸ ਦੇ ਇਕ ਸਾਥੀ ਖ਼ਿਲਾਫ਼ ਕਤਲ ਦੀ ਕੋਸ਼ਿਸ਼, ਘਰ ਵਿਚ ਦਾਖ਼ਲ ਹੋ ਕੇ ਹਮਲਾ ਕਰਨ ਅਤੇ ਆਰਮਸ ਐਕਟ ਦੀਆਂ ਧਰਾਵਾਂ ਤਹਿਤ ਕੇਸ ਦਰਜ ਕਰਕੇ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।