ਚੰਡੀਗੜ੍ਹ – ਮਰਨ ਵਰਤ ’ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਵੱਲੋਂ ਰੱਖੀਆਂ ਗਈਆਂ ਦਾ ਮੰਗਾਂ ਦਾ ਹੁਣ ਛੇਤੀ ਹੀ ਹੱਲ ਹੋਣ ਦੀ ਆਸ ਬੱਝ ਗਈ ਹੈ। ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਖ਼ੁਦ ਇਹ ਗੱਲ ਕਹੀ ਹੈ। ਸਾਬਕਾ ਸੰਸਦ ਮੈਂਬਰ ਜਗਮੀਤ ਸਿੰਘ ਬਰਾੜ ਨੇ ਉਨ੍ਹਾਂ ਨਾਲ ਨਵੀਂ ਦਿੱਲੀ ਵਿਖੇ ਮੁਲਾਕਾਤ ਕੀਤੀ। ਇਸ ਮੌਕੇ ਉਨ੍ਹਾਂ ਨੇ ਕੇਂਦਰੀ ਮੰਤਰੀ ਨੂੰ ਪੰਜਾਬ ਦੇ ਕਿਸਾਨਾਂ ਦੀ ਤਰਸਯੋਗ ਹਾਲਤ ਬਾਰੇ ਦੱਸਿਆ। ਇਸ ਦੇ ਨਾਲ ਹੀ ਮੌਜੂਦਾ ਕਿਸਾਨੀ ਘੋਲ ਲੜਨ ਦੀ ਮਜਬੂਰੀ ਤੇ ਕਿਸਾਨ ਆਗੂਆਂ ਦੇ ਜਜ਼ਬੇ ਤੇ ਹੌਸਲੇ ਤੋਂ ਜਾਣੂ ਕਰਵਾਇਆ। ਤਕਰੀਬਨ ਇਕ ਘੰਟਾ ਚੱਲੀ ਮੀਟਿੰਗ ਦੌਰਾਨ ਉਨ੍ਹਾਂ ਵੱਲੋਂ ਉਠਾਏ ਮੁੱਦਿਆਂ ’ਤੇ ਕੇਂਦਰੀ ਮੰਤਰੀ ਨੇ ਸੰਵੇਦਨਸ਼ੀਲਤਾ ਤੇ ਹਮਦਰਦੀ ਜ਼ਾਹਿਰ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕਿਸਾਨਾਂ ਬਾਰੇ ਚਿੰਤਾ ਵੀ ਜ਼ਾਹਿਰ ਕੀਤੀ। ਉਨ੍ਹਾਂ ਨੇ ਨਾ ਸਿਰਫ਼ ਭਰੋਸਾ ਦਿੱਤਾ ਸਗੋਂ ਵਾਅਦਾ ਕੀਤਾ ਕਿ ਕਿਸਾਨਾਂ ਲਈ ਐੱਮ. ਐੱਸ. ਪੀ. ਲਈ ਕਾਨੂੰਨੀ ਗਾਰੰਟੀ ਐਲਾਨੀ ਜਾ ਸਕਦੀ ਹੈ। ਜਾਰੀ ਸੈਸ਼ਨ ’ਚ ਦੇਸ਼ ਦੇ ਕਿਸਾਨਾਂ ਲਈ ਜ਼ਿੰਮੇਵਾਰੀ ਤੇ ਭਰੋਸੇਯੋਗਤਾ ਨਾਲ ਕਦਮ ਉਠਾਏ ਜਾ ਰਹੇ ਹਨ। ਇਸ ਤੋਂ ਇਲਾਵਾ ਨਵੀਂ ਖੇਤੀ ਨੀਤੀ ’ਚ ਜਿਹੜੇ ਨੁਕਤੇ ਕਿਸਾਨਾਂ ਲਈ ਖ਼ਦਸ਼ੇ ਬਣੇ, ਉਨ੍ਹਾਂ ’ਤੇ ਦੁਬਾਰਾ ਵਿਚਾਰ ਕਰਨ ਲਈ ਕੇਂਦਰ ਸਰਕਾਰ ਹਮੇਸ਼ਾ ਤਤਪਰ ਹੈ ਤੇ ਰਹੇਗੀ।